ਮੰਤਰੀਆਂ ਨੇ ਪਟਿਆਲਾ ਹਮਲੇ ''ਤੇ ਟਿੱਪਣੀਆਂ ਨੂੰ ਲੈ ਕੇ ਬੈਂਸ ਖਿਲਾਫ FIR ਦਰਜ ਕਰਨ ਦੀ ਕੀਤੀ ਮੰਗ

04/13/2020 8:51:49 PM

ਜਲੰਧਰ,(ਧਵਨ) : ਪਟਿਆਲਾ 'ਚ ਬੀਤੇ ਦਿਨੀਂ ਨਿਹੰਗਾਂ ਦੇ ਇਕ ਗਰੁੱਪ ਵਲੋਂ ਪੰਜਾਬ ਪੁਲਸ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀਆਂ ਟਿੱਪਣੀਆਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ 'ਤੇ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਬੈਂਸ ਨੇ ਇਕ ਮੀਡੀਆ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ 'ਚ ਪੰਜਾਬ ਪੁਲਸ ਦੀਆਂ ਵਧੀਕੀਆਂ ਕਾਰਣ ਜਨਤਾ ਦਾ ਗੁੱਸਾ ਫੁੱਟਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏ. ਐੱਸ. ਆਈ. ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ, ਜਿਸ ਨੂੰ ਜੋੜਣ ਲਈ 8 ਘੰਟੇ ਲੰਬੀ ਪਲਾਸਟਿਕ ਸਰਜਰੀ ਕੀਤੀ ਗਈ। ਪੰਜਾਬ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੱਧੂ ਤੇ ਅਰੁਣ ਚੌਧਰੀ ਨੇ ਕਿਹਾ ਕਿ ਬੈਂਸ ਖਿਲਾਫ ਐਪੇਡੈਮਿਕ ਡਿਜੀਜ਼ ਐਕਟ 1897 ਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਤੇ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਕੈਬਨਿਟ ਮੰਤਰੀਆਂ ਨੇ ਬੈਂਸ ਨੂੰ ਕਿਹਾ ਕਿ ਜੇਕਰ ਉਹ ਪੰਜਾਬ ਪੁਲਸ 'ਤੇ ਭਰੋਸਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਛੱਡ ਦੇਣੀ ਚਾਹੀਦੀ ਹੈ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਕ ਪਾਸੇ ਜਿਥੇ ਪੰਜਾਬ ਪੁਲਸ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ 'ਚ ਲੱਗੀ ਹੈ, ਉਥੇ ਹੀ ਦੂਜੇ ਪਾਸੇ ਬੈਂਸ ਰਾਜਨੀਤੀ ਕਰਕੇ ਸਸਤੀ ਲੋਕਪ੍ਰਿਅਤਾ ਹਾਸਿਲ ਕਰਨਾ ਚਾਹੁੰਦੇ ਹਨ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਸ ਸੰਵੇਦਣਸ਼ੀਲ ਸਮੇਂ 'ਚ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਜੋ ਪਟਿਆਲਾ 'ਚ ਵਾਪਰਿਆ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਸ ਨੇ ਬਹਾਦੁਰ ਪੁਲਸ ਜਵਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਇਹ ਸਮਾਂ ਮਿਲ ਕੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰੇਹ ਯੋਧਿਆਂ ਦਾ ਮਨੋਬਲ ਵਧਾਉਣ ਦਾ ਹੈ। ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਬੈਂਸ ਨੇ ਸਾਡੇ ਪੁਲਸ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਬੈਂਸ ਨੇ ਸੁਰਖੀਆਂ 'ਚ ਆਉਣ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕੀਤਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨੂੰ ਸਮਾਜ ਸਵੀਕਾਰ ਨਹੀਂ ਕਰੇਗਾ ਤੇ ਕਿਹਾ ਕਿ ਬੈਂਸ ਨੇ ਸਿਆਸੀ ਲਾਭ ਲੈਣ ਦੀ ਕੋਝੀ ਹਰਕਤ ਕੀਤੀ ਹੈ, ਜਦ ਕਿ ਇਹ ਸਮਾਂ ਕੋਰੋਨਾ ਵਾਇਰਸ ਨਾਲ ਲੜਣ ਦਾ ਹੈ। ਮੰਤਰੀਆਂ ਨੇ ਕਿਹਾ ਕਿ ਉਹ ਏ. ਐੱਸ. ਆਈ. ਹਰਜੀਤ ਸਿੰਘ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਨ ਤੇ ਉਨ੍ਹਾਂ ਨੂੰ ਪੰਜਾਬ ਪੁਲਸ 'ਤੇ ਪੂਰਾ ਮਾਣ ਹੈ।


 


Deepak Kumar

Content Editor

Related News