ਬਠਿੰਡਾ ਰੈਲੀ ’ਚ ਹੋਏ  ਇਕੱਠ  ਨੇ ਤੀਜੇ ਬਦਲ ਨੂੰ ਦਿੱਤੀ ਮਾਨਤਾ  : ਬੈਂਸ

Friday, Aug 03, 2018 - 04:15 AM (IST)

ਬਠਿੰਡਾ ਰੈਲੀ ’ਚ ਹੋਏ  ਇਕੱਠ  ਨੇ ਤੀਜੇ ਬਦਲ ਨੂੰ ਦਿੱਤੀ ਮਾਨਤਾ  : ਬੈਂਸ

ਲੁਧਿਆਣਾ(ਪਾਲੀ)-‘ਲੋਕ ਇਨਸਾਫ ਪਾਰਟੀ’ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਵਿਖੇ ਕੀਤੀ ਗਈ ਰੈਲੀ ’ਚ ਪੰਜਾਬ ਭਰ ਤੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਆਪ ਮੁਹਾਰੇ ਪੁੱਜੇ ਹਨ ਤੇ ਲੋਕਾਂ ਦੇ ਆਏ ਹਡ਼੍ਹ ਨੇ ਜਿੱਥੇ ਇਕ ਪਾਸੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਪੰਜਾਬ ’ਚ ਤੀਸਰਾ ਬਦਲ ਚਾਹੁੰਦੇ ਹਨ, ਉੱਥੇ ਦਿੱਲੀ ’ਚ ਬੈਠੇ ‘ਆਪ’ ਆਗੂਆਂ ਨੂੰ ਵੀ ਸੰਦੇਸ਼ ਦੇ ਦਿੱਤਾ ਹੈ ਕਿ ਪੰਜਾਬ ਦੀ ਰਾਖੀ ਕਰਨੀ ਸਿਰਫ ਪੰਜਾਬੀ  ਹੀ ਜਾਣਦੇ ਹਨ। ਵਿਧਾਇਕ ਬੈਂਸ ਨੇ  ਕਿਹਾ ਕਿ ਪੰਜਾਬ ਦੇ ਭੁੱਖਣ-ਭਾਣੇ ਲੋਕਾਂ  ਨੇ ਬਿਨਾਂ ਪਾਣੀ ਦਾ ਘੁੱਟ ਪੀਤੇ   ਘੰਟਿਆਂਬੱਧੀ ਰੈਲੀ ’ਚ ਸ਼ਾਮਲ ਹੋ ਕੇ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਨੂੰ  ਮੁੱਢੋਂ ਨਕਾਰ ਦਿੱਤਾ ਹੈ। ਉਨ੍ਹਾਂ  ‘ਆਪ’  ਦਿੱਲੀ ਦੇ ਆਗੂਆਂ, ਅਕਾਲੀ-ਭਾਜਪਾ ਤੇ ਕਾਂਗਰਸ ਦੇ ਆਗੂਆਂ ਨੂੰ ਸਾਫ ਸੰਕੇਤ ਦਿੱਤਾ ਕਿ ਹੁਣ ਤੀਸਰੇ ਬਦਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦਾ ਬੀਡ਼ਾ ਪੰਜਾਬ ਵਾਸੀਆਂ ਨੇ ਚੁੱਕ ਲਿਆ ਹੈ। ਇਕ  ਸਵਾਲ ਦੇ  ਜਵਾਬ  ’ਚ ਉਨ੍ਹਾਂ ਕਿਹਾ ਕਿ ਦਿੱਲੀ ਹਾਈਕਮਾਨ ਨੇ ‘ਆਪ’ ਦੇ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਰੈਲੀ ਫੇਲ ਕਰਨ ਦੀ ਜੋ ਚਾਲ ਚੱਲੀ ਸੀ, ਉਹ ਫੇਲ ਹੋ ਗਈ ਹੈ।  ਵਿਧਾਇਕ ਬੈਂਸ ਨੇ ਬਠਿੰਡਾ ਰੈਲੀ ’ਚ ਸ਼ਾਮਲ ਹੋਏ ਸਮੂਹ ਵਾਲੰਟੀਅਰਾਂ, ‘ਆਪ’ ਆਗੂਆਂ ਤੇ ਵਿਸ਼ੇਸ਼ ਕਰ ਕੇ ਪੰਜਾਬ ਦੀ ਸਮੂਹ ਸੰਗਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। 
 


Related News