ਅੱਜ ਦਿਆਂਗਾ ਨਵੀਂ ਸੂਚੀ, ਪੁਰਾਣੀ ਦੀ ਜਾਂਚ ਕਿੱਥੇ ਪਹੁੰਚੀ ਦੱਸਣਗੇ ਮੁੱਖ ਮੰਤਰੀ : ਬੈਂਸ
Tuesday, Jul 10, 2018 - 04:56 AM (IST)
ਲੁਧਿਆਣਾ(ਪਾਲੀ)-ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਧਾਇਕ ਅਤੇ ‘ਲੋਕ ਇਨਸਾਫ ਪਾਰਟੀ’ ਦੇ ਆਗੂ ਸਿਮਰਜੀਤ ਸਿੰਘ ਬੈਂਸ ਸ਼ਾਮਲ ਹੋਏ। ਇਸ ਮੌਕੇ ਇਲਾਕਾ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਵਿਧਾਇਕ ਬੈਂਸ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਪੂਰੇ ਪੰਜਾਬ ਦਾ ਦੌਰਾ ਕੀਤਾ, ਜਿਸ ਨਾਲ ਲੋਕ ਆਪ ਮੁਹਾਰੇ ਨਸ਼ਿਆਂ ਖਿਲਾਫ ਮੈਦਾਨ ਵਿਚ ਨਿੱਤਰ ਪਏ ਹਨ। ਅਨੇਕਾਂ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਹੈ, ਉਹ ਆਪਣਾ ਡਾਕਟਰੀ ਇਲਾਜ ਕਰਵਾਉਣ ਲੱਗੇ ਹਨ। ਉਨ੍ਹਾਂ ਦੇ ਹੈਲਪਲਾਈਨ ਨੰਬਰ ’ਤੇ ਇਸ ਹਫਤੇ ਵੀ ਹਜ਼ਾਰਾਂ ਕਾਲਾਂ, ਵੀਡੀਓ ਤੇ ਆਡਿਓ ਕਲਿੱਪ ਆਏ ਹਨ, ਜਿਨ੍ਹਾਂ ਨੂੰ ਲੈ ਕੇ ਉਹ ਮੰਗਲਵਾਰ ਸਵੇਰੇ ਕੈਪਟਨ ਅਮਰਿੰਦਰ ਸਿੰਘ ਅਤੇ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਪਿਛਲੇ ਮੰਗਲਵਾਰ ਨੂੰ ਦਿੱਤੀ ਗਈ ਸੂਚੀ ਦੀ ਵੀ ਜਾਣਕਾਰੀ ਲੈਣਗੇ ਕਿ ਕਿਹੜੇ ਸਮੱਗਲਰਾਂ ਖਿਲਾਫ ਸਰਕਾਰ ਨੇ ਕੀ ਜਾਂਚ ਕੀਤੀ ਹੈ ਅਤੇ ਕੀ ਕਾਰਵਾਈ ਕਰ ਰਹੀ ਹੈ।ਇਸ ਦੌਰਾਨ ਜਾਗਰੂਕਤਾ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਜਲੇਬੀਆਂ ਵਾਲਾ ਗੁਰਦੁਆਰਾ ਸਾਹਿਬ, ਢਾਬਾ ਰੋਡ, ਜੀ. ਟੀ. ਰੋਡ ਤੇ ਮੌਜੀ ਕਾਲੋਨੀ ਤੋਂ ਹੁੰਦੀ ਹੋਈ ਸਕੂਲ ਵਿੱਖੇ ਸਮਾਪਤ ਹੋਈ।
