ਕੈਪਟਨ ਤੇ ਬਾਦਲਾਂ ਨੇ ਪੰਚਾਇਤੀ ਜ਼ਮੀਨਾਂ ''ਤੇ ਮਹਿਲ ਤੇ ਹੋਟਲ ਉਸਾਰੇ : ਬੈਂਸ
Saturday, Feb 15, 2020 - 06:39 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ 'ਸਾਡੀ ਪੰਚਾਇਤ ਸਾਡੀ ਜ਼ਮੀਨ' ਜਨ ਅੰਦੋਲਨ ਤਹਿਤ ਅੱਜ ਮਾਛੀਵਾੜਾ ਨੇੜਲੇ ਪਿੰਡ ਹੇਡੋਂ ਬੇਟ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਤਿੱਖੇ ਹਮਲੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਦਾ ਮੁੱਖ ਉਦੇਸ਼ ਪੰਚਾਇਤੀ ਜ਼ਮੀਨਾਂ ਦੀ ਰਖਵਾਲੀ ਕਰਨੀ, ਰੇਤ ਚੋਰਾਂ ਨੂੰ ਚਿਤਾਵਨੀ ਅਤੇ ਜੋ ਸੂਬੇ ਦੇ ਵਿਕਾਸ ਕਾਰਜ ਠੱਪ ਪਏ ਹਨ, ਉਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋਵੇਂ ਹੀ ਆਪਸ ਵਿਚ ਘਿਓ-ਖਿੱਚੜੀ ਹਨ ਜਿਨ੍ਹਾਂ ਦੇ ਚੰਡੀਗੜ੍ਹ ਨੇੜੇ ਪੰਚਾਇਤੀ ਜ਼ਮੀਨਾਂ ਉਪਰ ਮਹਿਲ ਤੇ ਹੋਟਲ ਉਸਾਰ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜੋ ਕਾਂਗਰਸ ਸਰਕਾਰ ਨੇ ਨਵਾਂ ਲੈਂਡ ਬੈਂਕ ਐਕਟ ਲਿਆਂਦਾ ਹੈ, ਉਸ ਦਾ ਮੁੱਖ ਉਦੇਸ਼ ਇਹ ਹੈ ਕਿ ਇਨ੍ਹਾਂ ਜ਼ਮੀਨਾਂ ਉਪਰ ਆਪਣੇ ਕਬਜ਼ੇ ਕੀਤੇ ਹਨ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਹੜੱਪ ਲਿਆ ਜਾਵੇ।
ਸਿਮਰਜੀਤ ਸਿੰਘ ਬੈਂਸ ਨੇ ਖੁਲਾਸਾ ਕਰਦਿਆਂ 1 ਲੱਖ 35 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਹੈ ਅਤੇ 1961 ਦੇ ਐਕਟ ਤਹਿਤ ਇਹ ਜ਼ਮੀਨ ਕਦੇ ਵੀ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਪੰਚਾਇਤੀ ਜ਼ਮੀਨ ਦਾ 33 ਫੀਸਦੀ ਹਿੱਸਾ ਦਲਿਤਾਂ ਨੂੰ ਖੇਤੀਬਾੜੀ ਲਈ ਦੇਣਾ ਹੈ ਜਦਕਿ ਬਾਕੀ ਆਮ ਕਿਸਾਨ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹਨ ਪਰ ਸੂਬੇ ਦੀ ਕਾਂਗਰਸ ਸਰਕਾਰ ਨਵਾਂ ਬਿੱਲ ਪਾਸ ਕਰ ਇਨ੍ਹਾਂ ਜ਼ਮੀਨਾਂ ਨੂੰ ਕਾਂਗਰਸੀ ਆਗੂ ਆਪ ਹੜੱਪਣਾ ਚਾਹੁੰਦੇ ਹਨ ।
ਉਨ੍ਹਾਂ ਦੱਸਿਆ ਕਿ ਕੈਪਟਨ ਤੇ ਬਾਦਲ ਹੀ ਨਹੀਂ ਸਗੋਂ 48 ਪੀ. ਸੀ. ਐਸ ਤੇ ਆਈ.ਪੀ.ਐਸ ਅਧਿਕਾਰੀ ਵੀ ਹਨ ਜਿਨ੍ਹਾਂ ਵਲੋਂ ਪੰਚਾਇਤੀ ਜ਼ਮੀਨਾਂ ਉਪਰ ਨਜਾਇਜ਼ ਕਬਜ਼ੇ ਕੀਤੇ ਹਨ ਜਿਸ ਸਬੰਧੀ 2007 'ਚ ਹਾਈਕੋਰਟ ਨੇ ਆਦੇਸ਼ ਦਿੱਤੇ ਸਨ ਕਿ ਇਹ ਕਬਜ਼ੇ ਹਟਾਏ ਜਾਣ ਪਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਹੋਈ। ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਸ ਸਬੰਧੀ ਅਦਾਲਤ 'ਚ ਮਾਨਹਾਨੀ ਦਾ ਇੱਕ ਕੇਸ ਦਾਇਰ ਕਰੇਗੀ ਤਾਂ ਜੋ ਬਾਦਲ, ਕੈਪਟਨ ਅਤੇ ਹੋਰ ਜੋ ਵੱਡੇ ਉਚ ਅਧਿਕਾਰੀ ਹਨ ਉਨ੍ਹਾਂ ਦੇ ਚੁੰਗਲ 'ਚੋਂ ਇਹ ਜ਼ਮੀਨ ਛੁਡਵਾਈ ਜਾ ਸਕੇ।