ਲੈਂਡ ਮਾਫੀਆ ''ਤੇ ਕਾਰਵਾਈ ਦੀ ਬਜਾਏ ਮੇਰੇ ਸਾਥੀਆਂ ''ਤੇ ਕੀਤਾ ਮੁਕੱਦਮਾ ਦਰਜ : ਬੈਂਸ
Tuesday, Jun 26, 2018 - 04:54 AM (IST)

ਲੁਧਿਆਣਾ(ਪਾਲੀ)- ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਰਿੰਦਰਪਾਲ ਸਿੰਘ ਦੀ 6 ਏਕੜ ਜ਼ਮੀਨ ਜਿਸ ਦੀ ਕੀਮਤ 100 ਕਰੋੜ ਦੇ ਕਰੀਬ ਹੈ, 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਉਸ ਦੇ ਸਾਥੀਆਂ 'ਤੇ ਝੂਠਾ ਮੁਕੱਦਮਾ ਕਰਾਉਣ ਸਬੰਧੀ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ ਨੂੰ ਮੰਗ-ਪੱਤਰ ਸੌਂਪਿਆ ਹੈ। ਮੰਗ-ਪੱਤਰ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਜੋ ਲੁਧਿਆਣਾ ਦਾ ਵਾਸੀ ਹੈ, ਦੀ ਕਾਰਾਬਾਰਾ ਵਿਖੇ 100 ਕਰੋੜ ਦੇ ਕਰੀਬ ਦੀ ਜ਼ਮੀਨ ਹੈ, ਜਿਸ ਦਾ ਉਹ ਇਕਲੌਤਾ ਮਾਲਕ ਹੈ ਪਰ ਲੈਂਡ ਮਾਫੀਆ ਵਲੋਂ ਪਿਛਲੇ ਕੁੱਝ ਸਾਲਾਂ ਤੋਂ ਉਸ ਦੀ ਜ਼ਮੀਨ ਨੂੰ ਹੜੱਪਣ ਲਈ ਹਰਿੰਦਰਪਾਲ ਸਿੰਘ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਰਦੀਪ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਦੇ ਜਾਅਲੀ ਦਸਤਖਤ ਕਰ ਕੇ 1997 ਦਾ ਇਕਰਾਰਨਾਮਾ ਅਤੇ 1994 ਦਾ ਇਕਰਾਰਨਾਮਾ ਜਾਅਲੀ ਤਿਆਰ ਕੀਤਾ ਸੀ, ਜਿਸ ਨੂੰ ਉਸ ਨੇ ਵੱਖ-ਵੱਖ ਸਰਕਾਰੀ ਮਹਿਕਮਿਆਂ ਅਤੇ ਮਾਣਯੋਗ ਅਦਾਲਤ ਵਿਚ ਵਰਤਿਆ। ਜਦੋਂ ਉਸ ਸਬੰਧੀ ਪੁਲਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਤਾਂ ਡੀ. ਏ. ਲੀਗਲ ਦੀ ਰਾਏ ਤੋਂ ਬਾਅਦ ਦੋਸ਼ੀਆਂ ਖਿਲਾਫ 15 ਜਨਵਰੀ 2018 ਨੂੰ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀਆਂ ਵਲੋਂ ਅਦਾਲਤ 'ਚ ਅਪੀਲ ਲਾਉਣ ਮਗਰੋਂ ਇਹ ਮੁਕੱਦਮਾ ਖਾਰਜ ਹੋ ਗਿਆ। ਉਸ ਤੋਂ ਬਾਅਦ ਲੈਂਡ ਮਾਫੀਆ ਦੇ ਦੋਸ਼ੀਆਂ ਨੇ ਉਸ ਜ਼ਮੀਨ ਨੂੰ ਹੜੱਪਣ ਲਈ ਅਨੇਕਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ। ਉਕਤ ਦੋਸ਼ੀਆਂ ਨੇ ਹਰਿੰਦਰ ਸਿੰਘ 'ਤੇ ਕਈ ਵਾਰ ਜਾਨਲੇਵਾ ਹਮਲੇ ਵੀ ਕਰਵਾਏ ਤੇ ਕਈ ਵਾਰ ਉਸ ਦੀ ਮਾਰ ਕੁਟਾਈ ਵੀ ਕੀਤੀ। ਬੈਂਸ ਨੇ ਕਿਹਾ ਕਿ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਸਾਰੀ ਗੱਲ ਨੂੰ ਧਿਆਨਪੂਰਵਕ ਸੁਣਦੇ ਹੋਏ ਡੀ. ਸੀ. ਪੀ. ਲੁਧਿਆਣਾ ਨੂੰ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਕਮਿਸ਼ਨਰ ਤੋਂ ਵੀ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਡੀ. ਜੀ. ਪੀ. ਪੰਜਾਬ ਨਾਲ ਗੱਲਬਾਤ ਕਰਕੇ ਇਸ ਸਾਰੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨਗੇ। ਮੈਨੂੰ ਸੈਂਟਰ ਸਰਕਾਰ ਤੋਂ ਅਲਾਟ ਹੋਈ 100 ਕਰੋੜ ਦੀ ਜ਼ਮੀਨ 'ਤੇ ਲੈਂਡ ਮਾਫੀਆ ਕਰਨਾ ਚਾਹੁੰਦਾ ਕਬਜ਼ਾ
ਸ਼ਿਕਾਇਤਕਰਤਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੇਰੀ ਪਿੰਡ ਕਾਰਾਬਾਰਾ 'ਚ ਸੈਂਟਰ ਸਰਕਾਰ ਵਲੋਂ ਅਲਾਟ ਖੇਤੀਬਾੜੀ ਵਾਲੀ ਜ਼ਮੀਨ 'ਤੇ 11 ਜੂਨ 2018 ਨੂੰ ਲੈਂਡ ਮਾਫੀਆ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਵੀ ਮੈਂ ਆਪਣੀ ਜ਼ਮੀਨ 'ਤੇ ਜਾਂਦਾ ਹਾਂ ਤਾਂ ਸਾਰੇ ਵਿਅਕਤੀ ਪੁਲਸ ਦੇ ਉੱਚ ਅਧਿਕਾਰੀ ਦਾ ਰੌਅਬ ਪਾ ਕੇ ਅਤੇ ਮਾਰੂ ਹਥਿਆਰ ਦਿਖਾ ਕੇ ਉਥੋਂ ਭਜਾ ਦਿੰਦੇ ਹਨ। ਉਸ ਵਲੋਂ ਕੀਤੀਆਂਸ਼ਿਕਾਇਤਾਂ 'ਤੇ ਪੁਲਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਅਖੀਰ ਉਸ ਨੇ ਸਾਰਾ ਮਾਮਲਾ ਵਿਧਾਇਕ ਬੈਂਸ ਦੇ ਧਿਆਨ ਵਿਚ ਲਿਆਂਦਾ। ਉਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਮੇਰੇ ਅਤੇ ਮੇਰੇ ਸਾਥੀਆਂ ਨੂੰ ਡਰਾਉਣ ਲਈ ਜੋ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ, ਇਸ ਨੂੰ ਰੱਦ ਕੀਤਾ ਜਾਵੇ।