''ਆਪ'' ਨਾਲ ਮਿਲ ਕੇ ਹੀ ਨਿਗਮ ਚੋਣ ਲੜੇਗਾ ਬੈਂਸ ਗਰੁੱਪ

10/13/2017 4:09:44 AM

ਲੁਧਿਆਣਾ(ਹਿਤੇਸ਼)-ਰਸਮੀ ਤੌਰ 'ਤੇ ਸ਼ਡਿਊਲ ਜਾਰੀ ਕਰਨ ਤੋਂ ਪਹਿਲਾਂ ਹੀ ਬੈਂਸ ਗਰੁੱਪ ਨੇ ਵਿਧਾਨ ਸਭਾ ਦੀ ਤਰ੍ਹਾਂ ਨਗਰ ਨਿਗਮ ਚੋਣ ਵੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਬੈਂਸ ਗਰੁੱਪ ਦੇ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਸੀ, ਜਿਸ 'ਚ ਬੈਂਸ ਗਰੁੱਪ ਦੇ ਹਿੱਸੇ ਸਾਊਥ, ਆਤਮ ਨਗਰ, ਉਤਰੀ ਅਤੇ ਸੈਂਟਰਲ ਸੀਟਾਂ ਆਈਆਂ ਸੀ, ਜਿਨ੍ਹਾਂ 'ਚ ਦੋ ਸੀਟਾਂ 'ਤੇ ਬੈਂਸ ਬਰਦਰਜ਼ ਜੇਤੂ ਰਹੇ, ਜਦਕਿ ਬਾਕੀ ਦੋਵੇਂ ਸੀਟਾਂ 'ਤੇ ਵੀ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੰਗੀਆਂ ਵੋਟਾਂ ਮਿਲ ਗਈਆਂ ਸੀ, ਜਿਨ੍ਹਾਂ ਹਲਕਿਆਂ 'ਚ ਤਾਂ ਆਪ ਦੇ ਮੁਕਾਬਲੇ ਬੈਂਸ ਗਰੁੱਪ ਕਾਫੀ ਸਰਗਰਮ ਹੈ ਹੀ ਅਤੇ ਆਪ ਦੇ ਹਿੱਸੇ ਵਾਲੇ ਦੂਜੇ ਹਲਕਿਆਂ 'ਚ ਵੀ ਬੈਂਸ ਅਤੇ ਉਨ੍ਹਾਂ ਦੇ ਗਰੁੱਪ ਦੀ ਜ਼ਿਆਦਾ ਸਰਗਰਮੀ ਦੇਖਣ ਨੂੰ ਮਿਲਦੀ ਹੈ, ਜਿਸਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਪਹਿਲੇ ਦੋਵੇਂ ਹੀ ਗਰੁੱਪਾਂ ਨੇ ਲੋਕ ਸਭਾ ਚੋਣ ਅਲੱਗ-ਅਲੱਗ ਲੜੀਆਂ ਸਨ।
ਜੇਕਰ ਵਿਧਾਨ ਸਭਾ ਚੋਣਾਂ ਦੇ ਸਮੇਂ ਹੋਏ ਸਮਝੌਤੇ ਦੀ ਗੱਲ ਕਰੀਏ ਤਾਂ ਉਸ 'ਚ ਚਾਰ ਹਲਕੇ ਬੈਂਸ ਗਰੁੱਪ ਦੇ ਹਿੱਸੇ ਆਉਂਦੇ ਹਨ, ਜਿੱਥੋਂ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਨਗਰ ਨਿਗਮ ਚੋਣ ਲੜਵਾਉਣ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ, ਜਦਕਿ ਦੂਜੇ ਹਲਕਿਆਂ ਦੇ ਅਧੀਂਨ ਆਉਂਦੇ ਵਾਰਡਾਂ 'ਚ ਵੀ ਚੋਣ ਲੜਨ ਦੇ ਕਈ ਚਾਹਵਾਨਾਂ ਨੂੰ ਬੈਂਸ ਗਰੁੱਪ ਦੀ ਥਾਪੀ ਮਿਲੀ ਹੋਈ ਹੈ। ਇਸੇ ਤਰ੍ਹਾਂ ਆਪ ਨੇ ਵੀ ਬੈਂਸ ਗਰੁੱਪ ਦੇ ਹਿੱਸੇ ਵਾਲੇ ਕਈ ਹਲਕਿਆਂ 'ਚ ਦੂਜੇ ਲੋਕਾਂ ਨੂੰ ਟਿਕਟ ਦੇਣ ਦੀ ਹਾਮੀ ਭਰੀ ਹੋਈ ਹੈ। ਇਸ ਦੇ ਮੱਦੇਨਜ਼ਰ ਚਰਚਾ ਛਿੜ ਗਈ ਕਿ ਕੀ ਬੈਂਸ ਗਰੁੱਪ ਅਤੇ ਆਪ ਦਾ ਸਮਝੌਤਾ ਪਹਿਲਾਂ ਦੀ ਤਰ੍ਹਾਂ ਨਿਗਮ ਚੋਣਾਂ 'ਚ ਵੀ ਜਾਰੀ ਰਹੇਗਾ ਜਾਂ ਨਹੀਂ। ਇਨ੍ਹਾਂ ਅਟਕਲਾਂ 'ਤੇ ਵਿਰਾਮ ਲਾਉਂਦੇ ਹੋਏ ਵਿਧਾਇਕ ਸਿਮਰਜੀਤ ਬੈਂਸ ਨੇ ਸਾਫ ਕਰ ਦਿੱਤਾ ਹੈ ਕਿ ਨਗਰ ਨਿਗਮ ਸਾਰੀਆਂ ਸੀਟਾਂ 'ਤੇ ਬੈਂਸ ਗਰੁੱਪ ਅਤੇ ਆਪ ਮਿਲ ਕੇ ਲੜਨਗੇ, ਜਿੱਥੇ ਵਾਰਡਾਂ ਦੇ ਬਟਵਾਰੇ ਦਾ ਸਵਾਲ ਹੈ, ਉਸ ਦੇ ਲਈ ਜਿੱਤਣ ਦੀ ਸਮਰੱਥਾ ਅਤੇ ਦਾਅਵੇਦਾਰ ਇਮੇਜ ਨੂੰ ਆਧਾਰ ਬਣਾਇਆ ਜਾਵੇਗਾ ਅਤੇ ਜ਼ਰੂਰਤ ਪੈਣ 'ਤੇ ਵਿਧਾਨ ਸਭਾ ਚੋਣਾਂ ਦੇ ਸਮੇਂ ਹੋਏ ਹਲਕਿਆਂ ਦੇ ਬਟਵਾਰੇ 'ਚੋਂ ਵਾਰਡਾਂ ਨੂੰ ਬਦਲਿਆ ਜਾ ਸਕਦਾ ਹੈ, ਜਿਸ ਬਾਰੇ 'ਚ ਆਮ ਆਦਮੀ ਪਾਰਟੀ ਨਾਲ ਚਰਚਾ ਚੱਲ ਰਹੀ ਹੈ। 


Related News