50 ਫੀਸਦੀ ਵੋਟਾਂ ਪੈਣ ਤੋਂ ਬਾਅਦ ਹੀ ਚੋਣ ਨਤੀਜਿਆਂ ’ਤੇ ਅਸਰ ਪਾ ਸਕਦੈ ਨੋਟਾ!

Monday, May 13, 2024 - 05:32 PM (IST)

ਇੰਦੌਰ/ਮੱਧ ਪ੍ਰਦੇਸ਼ (ਭਾਸ਼ਾ) : ਮੌਜੂਦਾ ਸਥਿਤੀ ’ਚ ‘ਨੋਟਾ’ ਨੂੰ ਚਿੰਨ੍ਹ ਕਰਾਰ ਦਿੰਦੇ ਹੋਏ ਸਾਬਕਾ ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਕਿਹਾ ਹੈ ਕਿ ‘ਨੋਟਾ’ ਨੂੰ ਕਿਸੇ ਵੀ ਸੀਟ ’ਤੇ 50 ਫੀਸਦੀ ਤੋਂ ਵੱਧ ਵੋਟਾਂ ਮਿਲਣ ਤੋਂ ਬਾਅਦ ਸਿਰਫ਼ ਵੋਟਿੰਗ ਦੇ ਇਸ ਬਦਲ ਨੂੰ ਚੋਣ ਨਤੀਜਿਆਂ ’ਤੇ ਕਾਨੂੰਨੀ ਤੌਰ ’ਤੇ ਪ੍ਰਭਾਵਸ਼ਾਲੀ ਬਣਾਉਣ ਬਾਰੇ ਸੋਚਿਆ ਜਾ ਸਕਦਾ ਹੈ। ਇੰਦੌਰ ਲੋਕ ਸਭਾ ਸੀਟ ’ਤੇ 13 ਮਈ (ਸੋਮਵਾਰ) ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਵੋਟਰਾਂ ਨੂੰ ‘ਨੋਟਾ’ (ਉਪਰੋਕਤ ’ਚੋਂ ਕੋਈ ਵੀ ਨਹੀਂ) ਨੂੰ ਵੋਟ ਪਾਉਣ ਦੀ ਅਪੀਲ ਕਰਨ ਤੋਂ ਬਾਅਦ ਇਸ ਵੋਟਿੰਗ ਬਦਲ ਨੂੰ ਲੈ ਕੇ ਮੁੜ ਬਹਿਸ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਐਲਾਨੇ ਉਮੀਦਵਾਰ ਅਕਸ਼ੇ ਕਾਂਤੀ ਬਮ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 29 ਅਪ੍ਰੈਲ ਨੂੰ ਨਾਮਜ਼ਦਗੀ ਵਾਪਸ ਲੈ ਲਈ ਸੀ ਅਤੇ ਇਸ ਤੋਂ ਤੁਰੰਤ ਬਾਅਦ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ ਸਨ। ਨਤੀਜੇ ਵਜੋਂ ਇਸ ਸੀਟ ਦੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਕਾਂਗਰਸ ਚੋਣ ਮੈਦਾਨ ’ਚ ਨਹੀਂ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਰਾਵਤ ਨੇ ਐਤਵਾਰ ਨੂੰ ਪੀ. ਟੀ. ਆਈ.-ਭਾਸ਼ਾ ਨੂੰ ਕਿਹਾ, ‘ਮੌਜੂਦਾ ਸਥਿਤੀ ’ਚ ਨੋਟਾ ਇਕ ਚਿੰਨ੍ਹ ਵਾਂਗ ਹੈ ਅਤੇ ਇਹ ਕਿਸੇ ਵੀ ਸੀਟ ਦੇ ਚੋਣ ਨਤੀਜਿਆਂ ’ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ ਹੈ।’ ਇਸ ਬਾਰੇ ਵਿਸਥਾਰ ’ਚ ਦੱਸਦਿਆਂ ਉਨ੍ਹਾਂ ਕਿਹਾ, ‘ਹੁਣ ਜੇਕਰ ਕਿਸੇ ਵੀ ਚੋਣ ’ਚ ਨੋਟਾ ਨੂੰ 100 ’ਚੋਂ 99 ਵੋਟਾਂ ਮਿਲਦੀਆਂ ਹਨ ਅਤੇ ਕਿਸੇ ਹੋਰ ਉਮੀਦਵਾਰ ਨੂੰ ਸਿਰਫ਼ ਇਕ ਵੋਟ ਮਿਲਦੀ ਹੈ ਤਾਂ ਵੀ ਇਸ ਉਮੀਦਵਾਰ ਨੂੰ ਜੇਤੂ ਐਲਾਨਿਆ ਜਾਵੇਗਾ, ਨਾ ਕਿ ਨੋਟਾ ਨੂੰ।’ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਕਿਹਾ,‘‘ਇਸ ਵਾਰ ਵੋਟਰਾਂ ਨੂੰ ਕਿਸੇ ਸੀਟ ’ਤੇ ਨੋਟਾ ਨੂੰ 50 ਫੀਸਦੀ ਤੋਂ ਵੱਧ ਵੋਟ ਦੇ ਕੇ ਰਾਜਨੀਤਕ ਭਾਈਚਾਰੇ ਨੂੰ ਦਿਖਾਉਣਾ ਪਵੇਗਾ ਕਿ ਉਹ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਜਾਂ ਹੋਰ ਨਾਪਸੰਦ ਉਮੀਦਵਾਰਾਂ ਨੂੰ ਆਪਣੀ ਵੋਟ ਦੇ ਯੋਗ ਨਹੀਂ ਸਮਝਦੇ ਹਨ। ਇਸ ਤੋਂ ਬਾਅਦ ਹੀ ਸੰਸਦ ਅਤੇ ਚੋਣ ਕਮਿਸ਼ਨ ’ਤੇ ਦਬਾਅ ਵਧੇਗਾ ਅਤੇ ਉਨ੍ਹਾਂ ਨੂੰ ਚੋਣ ਨਤੀਜਿਆਂ ’ਚ ਨੋਟਾ ਨੂੰ ਪ੍ਰਭਾਵੀ ਬਣਾਉਣ ਲਈ ਕਾਨੂੰਨਾਂ ਨੂੰ ਬਦਲਣ ਬਾਰੇ ਸੋਚਣਾ ਪਵੇਗਾ।’ 

ਇਹ ਖ਼ਬਰ ਵੀ ਪੜ੍ਹੋ : ਭਾਜਪਾ ਸਰਕਾਰ 10 ਸਾਲ ’ਚ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ : ਧਾਲੀਵਾਲ

ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ‘ਨੋਟਾ’ ਦੇ ਬਟਨ ਨੂੰ ਸਤੰਬਰ 2013 ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ’ਚ ਸ਼ਾਮਲ ਕੀਤਾ ਗਿਆ ਸੀ। ਇਸ ਨੂੰ ਪਾਰਟੀਆਂ ਵੱਲੋਂ ਦਾਗ਼ੀ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਤੋਂ ਰੋਕਣ ਲਈ ਵੋਟਿੰਗ ਬਦਲ ’ਚ ਸ਼ਾਮਲ ਕੀਤਾ ਗਿਆ ਸੀ। ਗੈਰ-ਸਰਕਾਰੀ ਸੰਗਠਨ ‘ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼’ (ਏ.ਡੀ.ਆਰ.) ਦੇ ਮੁਖੀ ਅਨਿਲ ਵਰਮਾ ਨੇ ਕਿਹਾ ਕਿ 2014 ਅਤੇ 2019 ਦੀਆਂ ਪਿਛਲੀਆਂ ਦੋ ਲੋਕ ਸਭਾ ਚੋਣਾਂ ’ਚ ਨੋਟਾ ਨੂੰ ਔਸਤਨ ਦੋ ਫੀਸਦੀ ਤੋਂ ਘੱਟ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ,‘‘ਨੋਟਾ ਦੇ ਬਦਲ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਇਸ ਨੂੰ ਕਾਨੂੰਨੀ ਤੌਰ ’ਤੇ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਜੇਕਰ ਨੋਟਾ ਨੂੰ ਕਿਸੇ ਵੀ ਸੀਟ ’ਤੇ ਸਾਰੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਚੋਣ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਨਵੇਂ ਉਮੀਦਵਾਰਾਂ ਨਾਲ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।’ ਸਾਲ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ’ਚ ਬਿਹਾਰ ਦੀ ਗੋਪਾਲਗੰਜ ਸੀਟ ’ਤੇ ‘ਨੋਟਾ’ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ। ਉਦੋਂ ਇਸ ਖੇਤਰ ਦੇ 51,660 ਵੋਟਰਾਂ ਨੇ ‘ਨੋਟਾ’ ਦੀ ਚੋਣ ਕੀਤੀ ਸੀ ਅਤੇ ‘ਨੋਟਾ’ ਨੂੰ ਕੁੱਲ ਵੋਟਾਂ ਦੇ ਤਕਰੀਬਨ ਪੰਜ ਫੀਸਦੀ ਵੋਟਾਂ ਮਿਲੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਲੋਕ ਸਭਾ ਚੋਣਾਂ ’ਚ ਚਹੁੰਤਰਫ਼ਾ ਮੁਕਾਬਲਾ, ਦਿਲਚਸਪ ਹੋਣਗੇ ਨਤੀਜੇ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News