CM ਮਾਨ ਨੇ ਸੰਗਰੂਰ ਤੋਂ 'ਆਪ' ਉਮੀਦਵਾਰ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਕੇਜਰੀਵਾਲ ਬਾਰੇ ਵੀ ਕੀਤੀ ਗੱਲ

Sunday, Apr 28, 2024 - 08:47 PM (IST)

ਬਰਨਾਲਾ/ਧਨੌਲਾ (ਵਿਵੇਕ ਸਿੰਧਵਾਨੀ, ਰਵੀ, ਰਾਈਆ)– ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਰਨਾਲਾ ਵਿਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਮੀਤ ਹੇਅਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗੀ, ਇਸ ਵਿਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸੰਗਰੂਰ ਦੀ ਬਹੁਤ ਚਿੰਤਾ ਹੈ। ਉਹ ਮੈਨੂੰ ਹਮੇਸ਼ਾ ਸੰਗਰੂਰ ਬਾਰੇ ਹੀ ਪੁੱਛਦੇ ਰਹਿੰਦੇ ਹਨ।

PunjabKesari

ਪਿਛਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਗਿਆ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗਰੂਰ ਬਾਰੇ ਹੀ ਪੁੱਛਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਅਗਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਆਵਾਂਗਾ ਤਾਂ ਮੈਂ ਉਨ੍ਹਾਂ ਨੂੰ ਸੰਗਰੂਰ ਦੀ ਅਸਲ ਸਥਿਤੀ ਦੱਸਾਂਗਾ ਅਤੇ ਇਥੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਸੰਗਰੂਰ ਤੋਂ ਵੱਡੇ ਫ਼ਰਕ ਨਾਲ ਜਿੱਤ ਰਹੇ ਹਾਂ। ਹੁਣ ਮੈਂ ਉਨ੍ਹਾਂ ਨੂੰ ਸੰਗਰੂਰ ਵਿਖੇ ਜਿੱਤ ਦੀ ਖ਼ਬਰ ਭਰੋਸੇ ਨਾਲ ਦੱਸ ਸਕਦਾ ਹਾਂ। ਉਨ੍ਹਾਂ ਕਿਹਾ ਕਿ ਇਤਫ਼ਾਕ ਨਾਲ ਮੇਰਾ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ 30 ਤਰੀਕ ਨੂੰ ਤੈਅ ਹੋਇਆ ਹੈ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ’ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਤਿੰਨੇ ਪਾਰਟੀਆਂ ਲੋਕ ਸਭਾ ਲਈ 13 ਉਮੀਦਵਾਰ ਵੀ ਨਹੀਂ ਲੱਭ ਸਕੀਆਂ। ਉਨ੍ਹਾਂ ਦੇ ਆਗੂ ਚੋਣ ਲੜਨ ਤੋਂ ਇਨਕਾਰ ਕਰ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਪਿਛਲੇ ਦੋ ਗੇੜ ’ਚ ਦੇਸ਼ ’ਚ ਕਰੀਬ 190 ਸੀਟਾਂ ’ਤੇ ਚੋਣਾਂ ਹੋਈਆਂ ਹਨ। ਰਿਪੋਰਟ ਮੁਤਾਬਕ ਇੰਡੀਆ ਅਲਾਇੰਸ ਨੂੰ ਕਰੀਬ 120 ਤੋਂ 125 ਸੀਟਾਂ ਮਿਲ ਰਹੀਆਂ ਹਨ। ਇਸ ਵਾਰ ਭਾਰਤ ਵਿਚ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਆਮ ਆਦਮੀ ਪਾਰਟੀ ਇਸ ਸਰਕਾਰ ਵਿਚ ਭਾਈਵਾਲ ਹੋਵੇਗੀ। ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਸਕਦੀ। ਅਸੀਂ ਤੈਅ ਕਰਾਂਗੇ ਕਿ ਦੇਸ਼ ਦੀ ਸਰਕਾਰ ਕਿਹੋ ਜਿਹੀ ਹੋਵੇਗੀ। ਫਿਰ ਅਸੀਂ ਪੰਜਾਬ ਨੂੰ ਦੇਸ਼ ਦਾ ਨੰਬਰ-1 ਸੂਬਾ ਬਣਾਵਾਂਗੇ।

ਉਨ੍ਹਾਂ ਆਪਣੇ ਕੰਮਾਂ ਦੀ ਗਿਣਤੀ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਅਸੀਂ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਕੰਮ ਕੀਤੇ ਹਨ। ਅਸੀਂ ਪੰਜਾਬ ਦੇ 90 ਫੀਸਦੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਹੁਣ ਤੱਕ ਅਸੀਂ 14 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਦੀ ਆਰਥਿਕ ਬੱਚਤ ਹੋ ਰਹੀ ਹੈ। ਪਿਛਲੀ ਸਰਕਾਰ ਪੈਸੇ ਲੈ ਕੇ ਟੋਲ ਪਲਾਜ਼ਾ ਦੀ ਮਿਆਦ ਵਧਾ ਦਿੰਦੀ ਸੀ।

PunjabKesari

ਜਨਸਭਾ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਅਹਿਮ ਸੀਟ ਸੰਗਰੂਰ ਲਈ ਪਾਰਟੀ ਨੇ ਮੇਰੇ ’ਤੇ ਭਰੋਸਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹਨ। ਜਿਵੇਂ- ਅਸੀਂ ਟੋਲ ਪਲਾਜ਼ੇ ਬੰਦ ਕੀਤੇ, ਸੜਕ ਸੁਰੱਖਿਆ ਫੋਰਸ ਬਣਾਈ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮਾਣ ਭੱਤਾ ਦਿੱਤਾ, 43 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਪੰਜਾਬ ਦੇ ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਅਤੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦੇ ਆਦਿ।

PunjabKesari

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਸਾਡੀ ਸਰਕਾਰ (ਆਮ ਆਦਮੀ ਪਾਰਟੀ ਦੀ ਸਰਕਾਰ) ਨੇ ਹਰ ਖੇਤਰ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ। ਇਸੇ ਲਈ ਪੰਜਾਬ ਵਿਚ ਐਨਾ ਕੰਮ ਹੋ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ, ਖ਼ੁਸ਼ਹਾਲ ਪੰਜਾਬ ਬਣਾ ਦੇਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News