ਬੈਂਸ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਮਸਕਟ ਤੋਂ ਸੈਂਕੜੇ ਵਿਅਕਤੀ ਪੁੱਜੇ ਭਾਰਤ
Friday, Jul 03, 2020 - 07:14 PM (IST)
ਲੁਧਿਆਣਾ,(ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਕਾਰਣ ਮਸਕਟ 'ਚ ਫਸੇ 100 ਤੋਂ ਵਧੇਰੇ ਭਾਰਤੀ ਆਪਣੇ ਦੇਸ਼ ਪੁੱਜ ਗਏ ਹਨ। ਕੋਟ ਮੰਗਲ ਸਿੰਘ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਮਸਕਟ 'ਚ ਤਾਲਾਬੰਦੀ ਦੌਰਾਨ ਭਾਰਤ ਦੇ ਕਰੀਬ 100 ਤੋਂ ਵਧੇਰੇ ਵਿਅਕਤੀ ਫਸੇ ਹੋਏ ਸਨ, ਜਦਕਿ ਇਹ ਸਾਰੇ ਭਾਰਤ ਤੋਂ ਰੋਟੀ-ਰੋਜ਼ੀ ਕਮਾਉਣ ਲਈ ਹੀ ਮਸਕਟ 'ਚ ਗਏ ਸਨ। ਤਾਲਾਬੰਦੀ ਕਾਰਣ ਇਨ੍ਹਾਂ ਵਿਅਕਤੀਆਂ ਨੂੰ ਉਥੋਂ ਦੀਆਂ ਕੰਪਨੀਆਂ ਵੱਲੋਂ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਸੀ ਅਤੇ ਇਹ ਵਿਅਕਤੀ ਕੁੱਝ ਚਿਰ ਤਾਂ ਗੁਜ਼ਾਰਾ ਕਰਦੇ ਰਹੇ ਪਰ ਜਦੋਂ ਇਨ੍ਹਾਂ ਕੋਲ ਖਾਣ ਲਈ ਰਾਸ਼ਣ-ਪਾਣੀ ਵੀ ਖਤਮ ਹੋ ਗਿਆ ਤਾਂ ਇਨ੍ਹਾਂ 'ਚੋਂ ਪੰਜਾਬ ਦੇ ਲੁਧਿਆਣਾ, ਜਲੰਧਰ, ਹਰਿਆਣਾ ਦੇ ਰਹਿਣ ਵਾਲੇ 6 ਲੋਕਾਂ ਨੇ ਸਾਡੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਰਾਹੀਂ ਮੇਰੇ ਤੱਕ ਪਹੁੰਚ ਕੀਤੀ। ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਸਬੰਧੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਤੁਰੰਤ ਮਸਕਟ ਅੰਬੈਸੀ ਸਮੇਤ ਕੇਂਦਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
ਇਸ ਦੌਰਾਨ ਕੇਂਦਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਸਕਟ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਵੀ ਮਸਕਟ ਦੇ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਜਦੋਂ ਪੂਰੀ ਜਾਣਕਾਰੀ ਨਿਕਲੀ ਤਾਂ ਉਥੇ 6 ਨਹੀਂ ਸਗੋਂ ਕਰੀਬ 100 ਤੋਂ ਵੱਧ ਵਿਅਕਤੀ ਫਸੇ ਹੋਏ ਸਨ। ਜਿਸ ਤੋਂ ਬਾਅਦ ਮਸਕਟ ਦੇ ਹਾਈ ਕਮਿਸ਼ਨਰ ਵੱਲੋਂ ਕੀਤੇ ਗਏ ਪ੍ਰਬੰਧਾਂ ਕਾਰਣ ਇਹ 100 ਤੋਂ ਵੀ ਵਧੇਰੇ ਵਿਅਕਤੀ ਕੱਲ ਹੀ ਭਾਰਤ ਪੁੱਜ ਗਏ। ਇਸ ਦੌਰਾਨ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਪ੍ਰਦੀਪ ਬੰਟੀ ਨੇ ਦੱਸਿਆ ਕਿ 6 ਵਿਅਕਤੀਆਂ 'ਚ 2 ਲੁਧਿਆਣਾ, 1 ਜਲੰਧਰ, 1 ਹਿਮਾਚਲ ਪ੍ਰਦੇਸ਼ ਅਤੇ 1 ਹਰਿਆਣਾ ਅਤੇ ਬਾਕੀ ਹੋਰਨਾਂ ਸੂਬਿਆਂ ਦੇ ਵਿਅਕਤੀ ਸ਼ਾਮਲ ਹਨ।