ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਵੱਡੀ ਰਾਹਤ
Wednesday, May 29, 2019 - 06:52 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਸੁਵਿਧਾ ਸੈਂਟਰ ਕੇਸ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਦੀ ਸੈਸ਼ਨ ਕੋਰਟ ਨੇ ਸਿਮਰਜੀਤ ਬੈਂਸ ਨੂੰ ਇਸ ਮਾਮਲੇ ਵਿਚ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਸੱਚਾਈ ਅਤੇ ਈਮਾਨਦਾਰੀ ਦਾ ਨਤੀਜਾ ਹੈ। ਇਸ ਦੌਰਾਨ ਬੈਂਸ ਨੇ ਆਪਣੇ ਵਕੀਲਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
ਕੀ ਹੈ ਪੂਰਾ ਮਾਮਲਾ
ਦਰਅਸਲ 2015 ਵਿਚ ਲੁਧਿਆਣਾ ਦੇ ਫੋਕਲ ਪੁਆਇੰਟ ਵਿਚ ਸਥਿਤ ਸੁਵਿਧਾ ਸੈਂਟਰ ਦੀਆਂ ਚਾਰ ਕੰਧਾਂ ਨੂੰ ਢਾਹ ਦਿੱਤਾ ਗਿਆ ਸੀ ਅਤੇ ਇਹ ਸਾਰਾ ਇਲਜ਼ਾਮ ਸਿਮਰਜੀਤ ਬੈਂਸ ਨੇ ਸਿਰ ਆਇਆ ਸੀ। ਇਹ ਮਾਮਲਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ। ਸਿਮਰਜੀਤ ਬੈਂਸ 'ਤੇ ਅੱਠ ਕੇਸ ਚੱਲ ਰਹੇ ਹਨ, ਜਿਨ੍ਹਾਂ 'ਚੋਂ ਇਕ ਤੋਂ ਉਹ ਬਰੀ ਹੋ ਗਏ ਹਨ ਅਤੇ 7 ਕੇਸ ਅਜੇ ਵੀ ਉਨ੍ਹਾਂ 'ਤੇ ਚੱਲ ਰਹੇ ਹਨ।
ਉਧਰ ਦੂਜੇ ਪਾਸੇ ਸਿਮਰਜੀਤ ਬੈਂਸ ਦੇ ਵਕੀਲ ਜੇ. ਐੱਸ. ਵੜੈਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੂਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਸੀ। ਸਿਮਰਜੀਤ ਬੈਂਸ 'ਤੇ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋ ਸਕੇ। ਇਸ ਕਰਕੇ ਉਨ੍ਹਾਂ ਸਮੇਤ ਸਾਰੇ 9 ਮੁਲਜ਼ਮਾਂ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ।