''ਕੇਂਦਰ ਸਰਕਾਰ ਮੁਰਦਾਬਾਦ'' ਦੇ ਨਾਅਰੇ ਲਾ ਕੇ ਬੈਂਸ ਨੇ ਸਾਥੀਆਂ ਸਣੇ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਕੀਤਾ ਘਿਰਾਓ
Sunday, Aug 25, 2019 - 12:20 PM (IST)
ਫਗਵਾੜਾ (ਜ. ਬ.,ਹਰਜੋਤ, ਜਲੋਟਾ )– ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਜ਼ਿਲਾ ਪ੍ਰਧਾਨ ਜਰਨੈਲ ਨੰਗਲ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਬੀਤੇ ਦਿਨ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਤੋੜਨ ਦੇ ਮਾਮਲੇ 'ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਫਗਵਾੜਾ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਮਰਥਕ ਅਤੇ ਪੁਲਸ ਪ੍ਰਸ਼ਾਸਨ 'ਚ ਧੱਕਾ-ਮੁੱਕੀ ਦੀ ਹੱਦ ਤੱਕ ਗੱਲ ਵੱਧ ਗਈ। ਫਗਵਾੜਾ ਦੇ ਚੱਕ ਹਕੀਮ ਮੰਦਰ ਤੋਂ ਇਕੱਠੇ ਹੋ ਕੇ ਇਹ ਪ੍ਰਦਰਸ਼ਨਕਾਰੀ ਰੋਸ ਮਾਰਚ ਕੱਢਦੇ ਹੋਏ ਅਤੇ 'ਕੇਂਦਰ ਸਰਕਾਰ ਮੁਰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਕੇਂਦਰੀ ਰਾਜ ਮੰਤਰੀ ਦੀ ਕੋਠੀ ਤੋਂ ਕਰੀਬ ਸੌ ਮੀਟਰ ਦੀ ਦੂਰੀ 'ਤੇ ਇਕੱਠੇ ਹੋ ਗਏ। ਹਾਲਾਤ ਉਸ ਸਮੇਂ ਵਿਗੜਦੇ ਨਜ਼ਰ ਆਏ ਜਦੋਂ ਇਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਨੂੰ ਆਪਣੇ ਸਵਾਲਾਂ ਦਾ ਜਵਾਬ ਦੇਣ ਲਈ ਬਾਹਰ ਬੁਲਾਇਆ ਪਰ ਸੋਮ ਪ੍ਰਕਾਸ਼ ਕੈਂਥ ਆਪਣਾ ਧੰਨਵਾਦ ਸੁਨੇਹਾ ਅਤੇ ਪਿੰਡਾਂ 'ਚ ਵੱਖ-ਵੱਖ ਉਦਘਾਟਨ ਕਰਨ ਦੇ ਮਾਮਲੇ 'ਚ ਪਿੰਡਾਂ ਦਾ ਦੌਰਾ ਕਰਨ ਸਬੰਧੀ ਆਪਣੀ ਕੋਠੀ ਤੋਂ ਬਾਹਰ ਸਨ ਪਰ ਪ੍ਰਦਰਸ਼ਨਕਾਰੀ ਫਿਰ ਵੀ ਕੋਠੀ ਦੇ ਅੰਦਰ ਜਾਣ ਦੀ ਜ਼ਿੱਦ ਕਰਨ ਲੱਗੇ ਅਤੇ ਉਸ ਵੇਲੇ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ-ਮੁੱਕੀ ਦੀ ਨੌਬਤ ਤਕ ਆ ਗਈ।
ਬਾਅਦ 'ਚ ਸੋਮ ਪ੍ਰਕਾਸ਼ ਕੈਂਥ ਦੇ ਸਮਰਥਕਾਂ ਨੇ ਜਦੋਂ ਦੱਸਿਆ ਕਿ ਸੋਮ ਪ੍ਰਕਾਸ਼ ਕੈਂਥ ਪਿੰਡਾਂ ਦੇ ਦੌਰੇ 'ਤੇ ਹਨ ਅਤੇ ਸਾਬਕਾ ਵਿੱਤ ਮੰਤਰੀ ਦੇ ਦਿਹਾਂਤ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਅਚਨਚੇਤ ਉਧਰੋਂ ਹੀ ਦਿੱਲੀ ਜਾਣਾ ਪੈ ਗਿਆ ਤਾਂ ਉਸ ਵੇਲੇ ਪੁਲਸ ਪ੍ਰਸ਼ਾਸਨ ਦੀ ਸਮਝਦਾਰੀ ਅਤੇ ਮੌਕੇ 'ਤੇ ਮੌਜੂਦ ਏ. ਡੀ. ਸੀ. ਅਤੇ ਐੱਸ. ਡੀ. ਐੱਮ. ਫਗਵਾੜਾ ਦੇ ਸਮਝਾਉਣ ਸਦਕਾ ਪ੍ਰਦਰਸ਼ਨਕਾਰੀਆਂ ਨੇ ਐੱਸ. ਡੀ. ਐੱਮ. ਫਗਵਾੜਾ ਦੇ ਰਾਹੀਂ ਕੇਂਦਰ ਸਰਕਾਰ ਦੇ ਨਾਂ ਆਪਣੀਆਂ ਮੰਗਾਂ ਰੱਖਦੇ ਹੋਏ ਇਕ ਮੰਗ-ਪੱਤਰ ਦਿੱਤਾ। ਜਿਸ 'ਚ ਉਨ੍ਹਾਂ ਨੇ ਮੰਗ ਰੱਖੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਛੇ ਸੌ ਵੀਹ ਸਾਲ ਪੁਰਾਣਾ ਮੰਦਰ ਜੋ ਤੋੜਿਆ ਗਿਆ ਹੈ , ਨੂੰ ਦੋਬਾਰਾ ਉਸਾਰਿਆ ਜਾਵੇ। ਉਨ੍ਹਾਂ ਕੇਂਦਰੀ ਰਾਜ ਮੰਤਰੀ ਤੋਂ ਮੰਗ ਕੀਤੀ ਕਿ ਉਹ ਸਰਕਾਰ ਨਾਲ ਇਸ ਮਾਮਲੇ 'ਚ ਗੱਲਬਾਤ ਕਰਨ ਅਤੇ ਇਸ ਮਾਮਲੇ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਸੋਮ ਪ੍ਰਕਾਸ਼ ਕੈਂਥ ਨੇ ਜੇਕਰ ਸਾਡਾ ਸਾਥ ਨਾ ਦਿੱਤਾ ਤਾਂ ਪਾਰਟੀ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵੇਗੀ।
ਧਰਨੇ ਦੌਰਾਨ ਵਿਗੜੀ ਬੈਂਸ ਦੀ ਤਬੀਅਤ
ਸਾਰੇ ਦਿਨ ਦੀ ਤਿੱਖੀ ਧੁੱਪ ਅਤੇ ਜ਼ਿਆਦਾ ਬੋਲਣ ਕਰਕੇ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਧਰਨੇ ਦੌਰਾਨ ਤਬੀਅਤ ਗੜਬੜਾ ਗਈ ਅਤੇ ਉਸ ਵੇਲੇ ਫਗਵਾੜਾ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੇ ਦੇਰ ਨਾ ਕਰਦੇ ਹੋਏ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ।
ਸੋਮ ਪ੍ਰਕਾਸ਼ ਦੇ ਫਗਵਾੜਾ ਤੋਂ ਜਾਣ ਸਬੰਧੀ ਜਰਨੈਲ ਨੰਗਲ ਨੇ ਜਤਾਈ ਸ਼ੰਕਾ
ਧਰਨੇ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਨੰਗਲ ਨੇ ਕਿਹਾ ਕਿ ਸਾਡਾ ਪ੍ਰਦਰਸ਼ਨ ਸਿਰਫ ਇਸ ਕਰਕੇ ਸੀ ਕਿ ਸੋਮ ਪ੍ਰਕਾਸ਼ ਕੈਂਥ ਇਕ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਸੋਮ ਪ੍ਰਕਾਸ਼ ਕੈਂਥ ਦੇ ਬੀਤੇ ਦਿਨ ਫਗਵਾੜਾ ਛੱਡਣ 'ਤੇ ਇਹ ਸ਼ੰਕਾ ਜਤਾਈ ਕਿ ਇਹ ਤਾਂ ਸੋਮ ਪ੍ਰਕਾਸ਼ ਹੀ ਜਾਣੇ ਕਿ ਉਹ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਜੀ ਦੇ ਦਿਹਾਂਤ ਕਾਰਨ ਅਚਨਚੇਤ ਫਗਵਾੜਾ ਛੱਡ ਕੇ ਦਿੱਲੀ ਚਲੇ ਗਏ ਜਾਂ ਫਿਰ ਸਾਡੇ ਪ੍ਰਦਰਸ਼ਨ ਤੋਂ ਡਰਦੇ ਚਲੇ ਗਏ।