ਬੈਂਸ ਵਲੋਂ ਖੰਨਾ ਪੁਲਸ ''ਤੇ ਗੰਭੀਰ ਦੋਸ਼, ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ

Tuesday, Apr 02, 2019 - 10:21 AM (IST)

ਬੈਂਸ ਵਲੋਂ ਖੰਨਾ ਪੁਲਸ ''ਤੇ ਗੰਭੀਰ ਦੋਸ਼, ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ

ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਖੰਨਾ ਪੁਲਸ ਵਲੋਂ 7 ਕਰੋੜ ਰੁਪਏ ਖੁਰਦ-ਬੁਰਦ ਕਰਨ ਸਬੰਧੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖਿਆ ਹੈ। ਸਿਮਰਜੀਤ ਬੈਂਸ ਨੇ ਮੰਗ ਕੀਤੀ ਹੈ ਕਿ ਐੱਸ. ਐੱਸ. ਪੀ. ਖੰਨਾ ਨੂੰ ਤੁਰੰਤ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ 'ਚ ਸ਼ਾਮਲ ਪਾਏ ਜਾਣ ਵਾਲੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਸਬੰਧੀ ਵੀ ਮੁਕੰਮਲ ਜਾਂਚ ਹੋਵੇ ਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ ਤਾਂ ਜੋ ਸੂਬੇ 'ਚ ਲੋਕ ਸਭਾ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾ ਸਕਣ।
ਇਹ ਸ਼ਬਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਭਾਨੀ ਬਿਲਡਿੰਗ ਨੇੜੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੁਰਾਣਾ ਦੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਲੰਧਰ ਕੈਥੋਲਿਕ ਚਰਚ ਦੇ ਸੀਨੀਅਰ ਫਾਦਰ ਤੇ ਪ੍ਰਤਾਪਪੁਰਾ ਜਨਰਲੇਟ ਦੇ ਮੁੱਖ ਫਾਦਰ ਐਨਥਨੀ ਦੇ ਘਰ ਤੋਂ ਖੰਨਾ ਪੁਲਸ ਨੇ 29 ਮਾਰਚ ਨੂੰ 16 ਕਰੋੜ 65 ਲੱਖ ਰੁਪਏ ਬਰਾਮਦ ਕੀਤੇ ਸਨ ਪਰ ਅਗਲੇ ਹੀ ਦਿਨ ਖੰਨਾ ਪੁਲਸ ਨੇ ਆਮਦਨ ਤੇ ਕਰ ਵਿਭਾਗ ਨੂੰ ਸਿਰਫ 9 ਕਰੋੜ 65 ਲੱਖ ਰੁਪਏ ਮਿਲਣ ਦੀ ਹੀ ਸੂਚਨਾ ਦਿੱਤੀ ਤੇ ਖੰਨਾ ਪੁਲਸ ਨੇ 7 ਕਰੋੜ ਰੁਪਏ ਖੁਰਦ-ਬੁਰਦ ਕਰ ਦਿੱਤੇ, ਜਿਸ ਸਬੰਧੀ ਸਾਫ ਹੈ ਕਿ ਇਸ ਮਾਮਲੇ 'ਚ ਖੰਨਾ ਪੁਲਸ ਦੇ ਐੱਸ. ਐੱਸ. ਪੀ. ਦਾ ਸਿੱਧੇ ਤੌਰ 'ਤੇ ਹੱਥ ਹੈ। ਇਸ ਸਬੰਧੀ ਉਕਤ ਫਾਦਰ ਨੇ ਵੀ ਪੁਲਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਦੋਸ਼ ਲਾਇਆ ਹੈ ਕਿ ਖੰਨਾ ਪੁਲਸ ਨੇ ਪੈਸੇ ਖੁਰਦ-ਬੁਰਦ ਕੀਤੇ ਹਨ।

ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਇਹ ਸਾਰਾ ਪੈਸਾ ਸੂਬੇ ਦੇ ਮੌਜੂਦਾ ਸਰਕਾਰ ਦੇ ਇਸ਼ਾਰੇ 'ਤੇ ਖੁਰਦ-ਬੁਰਦ ਕੀਤਾ ਗਿਆ ਹੈ, ਜਿਸ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਖਰੀਦਣ ਤੇ ਵੋਟਰਾਂ 'ਚ ਨਸ਼ਾ ਵੰਡਣ ਲਈ ਵਰਤਿਆ ਜਾਵੇਗਾ। ਖੰਨਾ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਆਉਂਦਾ ਹੈ ਤੇ ਲੋਕ ਇਨਸਾਫ ਪਾਰਟੀ ਸੂਬੇ ਭਰ 'ਚ ਚੋਣਾਂ ਲੜ ਰਹੀ ਹੈ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਹਨ, ਜਿਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਦੇਖਦੇ ਹੋਏ ਕਾਂਗਰਸ ਪਾਰਟੀ ਹੋਛੀਆਂ ਹਰਕਤਾਂ 'ਤੇ ਉਤਰ ਆਈ ਹੈ ਤੇ ਚੋਣਾਂ ਦੌਰਾਨ ਵੱਡੀ ਗਿਣਤੀ 'ਚ ਨਸ਼ਾ ਤੇ ਪੈਸਿਆਂ ਦਾ ਲੈਣ-ਦੇਣ ਕੀਤਾ ਜਾਵੇਗਾ। ਅੱਜ ਸੂਬੇ ਭਰ 'ਚ ਪੰਜਾਬ ਪੁਲਸ ਵਲੋਂ ਕੀਤੇ ਗਏ ਇਸ ਕਾਰੇ ਦੀ ਨਿੰਦਾ ਹੋ ਰਹੀ ਹੈ ਤੇ ਪੰਜਾਬ ਦੇ ਲੋਕ ਡਰੇ ਹੋਏ ਹਨ। ਉਨ੍ਹਾਂ ਮੁੱਖ ਚੋਣ ਅਧਿਕਾਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਜਥੇ. ਜਸਵਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਗੁਰਨੀਤ ਪਾਲ ਸਿੰਘ ਪਾਹਵਾ, ਜਗਦੀਪ ਸਿੰਘ ਕਾਲਾ ਘਵੱਦੀ ਸਰਪੰਚ, ਜਤਿੰਦਰ ਸਿੰਘ ਭੱਲਾ, ਗੋਲ਼ਡੀ ਅਰਨੇਜਾ ਤੇ ਹੋਰ ਵੀ ਸ਼ਾਮਲ ਸਨ।
 


author

Babita

Content Editor

Related News