ਕੈਪਟਨ ਨੂੰ ਵੋਟਾਂ ਪਾ ਕੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ : ਬੈਂਸ

Tuesday, Feb 12, 2019 - 05:12 PM (IST)

ਕੈਪਟਨ ਨੂੰ ਵੋਟਾਂ ਪਾ ਕੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ : ਬੈਂਸ

ਕਪੂਰਥਲਾ (ਹਰਜੋਤ)— ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਉਪਰੰਤ ਕਾਂਗਰਸ ਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੋਨਾਂ ਪਾਰਟੀਆਂ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਬੀਤੀ ਸ਼ਾਮ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਧਰਮੀ ਹਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦੇਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਖਾਂਦੀ ਸੀ, ਜਿਸ 'ਤੇ ਭਰੋਸਾ ਕਰਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਤਾਂ ਬਣਵਾ ਦਿੱਤੀ ਪਰ ਨਾ ਨਸ਼ਾ ਖਤਮ ਹੋਇਆ ਅਤੇ ਨਾ ਹੀ ਕਿਸੇ ਨੂੰ ਨੌਕਰੀ ਮਿਲੀ। 

ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਮੈਗਾ ਮੇਲੇ ਲਗਾ ਕੇ ਪ੍ਰਾਈਵੇਟ ਕੰਪਨੀਆਂ ਤੋਂ ਨੌਕਰੀਆਂ ਦੁਆ ਰਹੀ ਹੈ, ਜਿਨ੍ਹਾਂ ਨੂੰ ਨੌਕਰੀ ਮਿਲਦੀ ਹੈ, ਉਨ੍ਹਾਂ ਨੂੰ 3 ਮਹੀਨੇ ਬਾਅਦ ਜੁਆਬ ਮਿਲ ਜਾਂਦਾ ਹੈ ਅਤੇ ਤਨਖਾਹ ਵੀ ਨਹੀਂ ਮਿਲਦੀ ਅਤੇ ਅਨੇਕਾਂ ਹੀ ਕੇਸ ਉਨ੍ਹਾਂ ਕੋਲ ਆ ਰਹੇ ਹਨ। ਅਕਾਲੀ ਦਲ ਵੱਲੋਂ ਹੋਰ ਰਾਜਾਂ 'ਚ ਆਪਣੀ ਸਰਗਰਮੀ ਪੇਸ਼ ਕਰਨ ਦੇ ਸੁਆਲ 'ਚ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕੁਰਬਾਨੀਆਂ ਦੇ ਨਾਂ 'ਤੇ ਮਸ਼ਹੂਰ ਸੀ ਪਰ ਹੁਣ ਜੋ ਸੁਖਬੀਰ ਸੈਨਾ ਨੇ ਅਕਾਲੀ ਦਲ ਦਾ ਹਾਲ ਕੀਤਾ ਹੈ, ਉਸ ਦਾ ਹੋਰ ਨਤੀਜਾ ਆਉਂਦੀਆਂ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲ ਅਕਾਲੀ ਦਲ ਨੇ ਵੀ ਲੋਕਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਲੋਕ ਇਨ੍ਹਾਂ ਤੋਂ ਵੀ ਨਿਰਾਸ਼ ਹਨ। ਆਮ ਆਦਮੀ ਪਾਰਟੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦਿੱਲੀ ਲਈ ਇਮਾਨਦਾਰ ਹਨ ਪਰ ਪੰਜਾਬ ਲਈ ਨਹੀਂ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਮਜੀਠੀਆ ਖਿਲਾਫ ਕੇਜਰੀਵਾਲ ਦੀ ਮੁਹਿੰਮ ਬੁਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਈ ਹੈ। ਮਜੀਠੀਆ ਤੋਂ ਮੁਆਫੀ ਮੰਗਣ ਨਾਲ ਉਨ੍ਹਾਂ ਦਾ ਕੱਦ ਨੀਵਾਂ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਹੁਣ ਇਨ੍ਹਾਂ ਦੀ ਬਾਦਲਾਂ ਨਾਲ ਸਾਂਝ ਹੈ, ਜਿਸ ਕਾਰਨ ਬਾਦਲਾਂ ਦੀਆਂ ਬੱਸਾਂ ਏਅਰਪੋਰਟ ਤੱਕ ਜਾਂਦੀਆਂ ਹਨ। ਇਸ ਮੌਕੇ ਪਾਰਟੀ ਆਗੂ ਜਰਨੈਲ ਨੰਗਲ ਸਮੇਤ ਕਈ ਵਰਕਰ ਸ਼ਾਮਲ ਸਨ।


author

shivani attri

Content Editor

Related News