ਸ਼ਿਲਾਂਗ ਦੇ ਸਿੱਖਾਂ ਦੀ ਘੇਰਾਬੰਦੀ ''ਤੇ ਕੌਮੀ ਮੀਡੀਆ ਗੂੰਗਾ ਕਿਉਂ ਹੋ ਗਿਆ

Sunday, Jun 10, 2018 - 06:31 AM (IST)

ਅੰਮ੍ਰਿਤਸਰ (ਵਾਲੀਆ) - ਸ਼ਿਲਾਂਗ ਦੇ ਸਿੱਖਾਂ ਦੀ ਘੇਰਾਬੰਦੀ 'ਤੇ ਕੌਮੀ ਮੀਡੀਆ ਗੂੰਗਾ ਕਿਉਂ ਹੋ ਗਿਆ ਹੈ? ਹਿੰਦੂ ਬੈਲਟ 'ਚ ਘੱਟਗਿਣਤੀ ਪਹਿਲਾਂ ਹੀ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ ਪਰ ਮੇਘਾਲਿਆ ਵਰਗੇ ਸੂਬੇ 'ਚ ਸ਼ਿਲਾਂਗ ਵਿਖੇ ਸਿੱਖਾਂ ਦੀ ਘੇਰਾਬੰਦੀ ਕਰਨੀ, ਸ਼ਿਲਾਂਗ ਛੱਡਣ ਦੀਆਂ ਧਮਕੀਆਂ ਦੇਣੀਆਂ, ਇਕ ਸਿੱਖ ਦਾ ਸ਼ੋਅਰੂਮ ਸਾੜ ਦੇਣਾ, ਦੂਸਰੇ ਦਾ ਟਰੱਕ ਸਾੜ ਦੇਣਾ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਕਾਰਵਾਈ ਹੈ। ਇਸ ਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਲੱਗਦੀ ਹੈ। ਸਿੱਖਾਂ ਨੂੰ ਇਸ ਮਸਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਪਿੱਛੇ ਕਿਹੜੀਆਂ-ਕਿਹੜੀਆਂ ਤਾਕਤਾਂ ਨੇ, ਸਿੱਖਾਂ ਨੂੰ ਇਨ੍ਹਾਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਸ਼ਿਲਾਂਗ ਕਾਂਡ ਦਾ ਸੇਕ ਪੂਰੀ ਦੁਨੀਆ ਵਿਚ, ਖਾਸ ਕਰਕੇ ਪੰਜਾਬ ਵਿਚ ਸਿੱਖਾਂ ਨੂੰ ਪਹੁੰਚਿਆ ਹੈ। ਸਿੱਖ ਕੌਮ ਇਸ ਮਸਲੇ 'ਤੇ ਖਾਮੋਸ਼ ਅਤੇ ਚੁੱਪ ਨਹੀਂ ਰਹਿ ਸਕਦੀ ਕਿਉਂਕਿ ਇਹ ਬਹੁਤ ਖਤਰਨਾਕ ਤੇ ਹੈਰਾਨੀਜਨਕ ਖੇਡ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਫੈੱਡਰੇਸ਼ਨ ਦੇ ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ, ਹਰਵਿੰਦਰ ਸਿੰਘ ਬੱਬਲ, ਉਮਰਜੀਤ ਸਿੰਘ ਘੁੱਕੇਵਾਲੀ ਅਤੇ ਜਨਰਲ ਸਕੱਤਰ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਨੇ ਇਕ ਸਾਂਝੇ ਬਿਆਨ ਰਾਹੀਂ ਕੀਤਾ।
ਫੈੱਡਰੇਸ਼ਨ ਆਗੂਆਂ ਨੇ ਦੋਸ਼ ਲਾਇਆ ਕਿ ਜਿਥੇ-ਜਿਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ, ਉਥੇ-ਉਥੇ ਹੀ ਆਪਸੀ ਭਾਈਚਾਰੇ ਨੂੰ ਉਜਾੜ ਕੇ ਦੰਗੇ ਅਤੇ ਨਫਰਤ ਵਾਲਾ ਸਮਾਜ ਸਿਰਜ ਦਿੱਤਾ ਗਿਆ ਹੈ। ਸਮਾਜ ਵਿਚ ਡਰ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ। ਇਹੀ ਹਾਲ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿਚ ਭਾਜਪਾ ਦੀ ਸਰਕਾਰ ਨੇ ਕੀਤਾ ਹੈ, ਜਿਥੇ ਸਿੱਖ ਤੇ ਈਸਾਈ ਭਾਈਚਾਰੇ ਵਿਚ ਨਫਰਤ ਤੇ ਦੰਗਿਆਂ ਦੀ ਸਥਿਤੀ ਬਣ ਗਈ ਹੈ।


Related News