ਹੁਣ ਸਿੱਖ ਨੌਜਵਾਨ ਦੇ ਕੱਟੇ ਗਏ ਕੇਸ, ਅਜੀਬੋ-ਗਰੀਬ ਤਰਕ ਸੁਣ ਇਲਾਕੇ ਵਿਚ ਫੈਲੀ ਸਨਸਨੀ (ਤਸਵੀਰਾਂ)
Sunday, Aug 20, 2017 - 07:30 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਵਿਚ ਵਾਲ ਕੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਕਦੇ ਕੋਈ ਇਸ ਨੂੰ ਵਾਲ ਕੱਟਣ ਵਾਲਾ ਕੀੜਾ ਦੱਸ ਰਿਹਾ ਹੈ ਤੇ ਕੋਈ ਵਹਿਮਾਂ-ਭਰਮਾਂ ਵਿਚ ਫਸ ਕੇ ਭੂਤਾਂ-ਪ੍ਰੇਤਾਂ ਵਾਲੀਆਂ ਗੱਲਾਂ ਕਰ ਰਿਹਾ ਹੈ।
ਬੀਤੀ ਰਾਤ ਵੀ ਮਾਛੀਵਾੜਾ ਨੇੜਲੇ ਪਿੰਡ ਧਨੂੰਰ ਵਿਖੇ ਇਕ ਸਿੱਖ ਨੌਜਵਾਨ ਦੇ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿਹੜੇ 'ਚ ਸੁੱਤਾ ਪਿਆ ਸੀ ਤੇ ਅੱਧੀ ਰਾਤ ਨੂੰ ਜਦੋਂ ਉਹ ਪਿਸ਼ਾਬ ਕਰਨ ਲਈ ਉੱਠਿਆ ਤਾਂ ਕਿਸੇ ਨੇ ਉਸਨੂੰ ਧੱਕਾ ਮਾਰਿਆ। ਉਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ 'ਚ ਮੰਜੇ 'ਤੇ ਪਿਆ ਰਿਹਾ। ਸਵੇਰੇ ਉੱਠਦਿਆਂ ਸਾਰ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਸਦਾ ਪੂਰਾ ਜੂੜਾ ਕੱਟਿਆ ਹੋਇਆ ਸੀ। ਘਟਨਾ ਤੋਂ ਬਾਅਦ ਜਿਥੇ ਪਰਿਵਾਰਕ ਮੈਂਬਰ ਸਹਿਮ 'ਚ ਹਨ, ਉਥੇ ਹੀ ਪਿੰਡ ਵਿਚ ਕਈ ਤਰ੍ਹਾਂ ਦੇ ਚਰਚੇ ਛਿੜੇ ਹੋਏ ਹਨ। ਇਸ ਤੋਂ ਪਹਿਲਾਂ ਨੇੜੇ ਪਿੰਡ ਕੜਿਆਣਾ ਵਿਖੇ ਵੀ ਇਕ ਔਰਤ ਦੇ ਵਾਲ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਸੀ।
