''ਸ਼ਾਹ ਵੱਲੋਂ ਹਿੰਦੀ ਭਾਸ਼ੀ ਦੇਸ਼ ਐਲਾਨਣਾ ਸੰਵਿਧਾਨ ਦੀ ਉਲੰਘਣਾ''

09/16/2019 10:37:22 AM

ਲੁਧਿਆਣਾ : ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਹਿੰਦੀ ਦਿਵਸ 'ਤੇ ਇਕ ਦੇਸ਼-ਇਕ ਭਾਸ਼ਾ ਦਾ ਦਿੱਤਾ ਨਾਅਰਾ ਬਹੁਤ ਮੰਦਭਾਗਾ ਹੈ, ਜਿਸ ਨਾਲ ਦੇਸ਼ ਅੰਦਰ ਵੱਖ-ਵੱਖ ਭਾਸ਼ਾਵਾਂ ਵਾਲੀਆਂ ਕੌਮਾਂ ਅਤੇ ਫਿਰਕਿਆਂ 'ਚ ਬੇਚੈਨੀ ਦਾ ਮਾਹੌਲ ਪੈਦਾ ਹੋਵੇਗਾ, ਜੋ ਦੇਸ਼ ਅੰਦਰ ਗੰਭੀਰ ਸਥਿਤੀ ਪੈਦਾ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਹਿੰਦੀ ਦਿਵਸ ਮੌਕੇ ਇਕ ਦੇਸ਼-ਇਕ ਭਾਸ਼ਾ ਦੇ ਆਏ ਨਾਅਰੇ 'ਤੇ ਟਿੱਪਣੀ ਕਰਦਿਆਂ ਕੀਤਾ।

ਭਾਈ ਗਰੇਵਾਲ ਨੇ ਕਿਹਾ ਕਿ ਸੰਵਿਧਾਨ ਅੰਦਰ ਹਿੰਦੀ ਭਾਸ਼ਾ ਨੂੰ ਕੌਮੀ ਭਾਗਾਂ ਵਜੋਂ ਕੋਈ ਮਾਨਤਾ ਨਹੀਂ ਹੈ, ਜੇਕਰ ਅਜਿਹੀ ਲੋੜ ਹੁੰਦੀ ਤਾਂ ਸੰਵਿਧਾਨ ਬਣਾਉਣ ਵਾਲੇ ਉਸ ਸਮੇਂ ਕੋਈ ਫੈਸਲਾ ਲੈਂਦੇ, ਇਸ ਦੇ ਉਲਟ ਉਸ ਸਮੇਂ ਸੰਵਿਧਾਨ ਵੱਲੋਂ ਅਨੇਕਾਂ ਭਾਸ਼ਾਵਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਗਿਆ। ਇਸ ਕਰ ਕੇ ਇਕ ਭਾਸ਼ਾ ਦੇਸ਼ ਦਾ ਐਲਾਨ ਪੂਰਨ ਤੌਰ 'ਤੇ ਗੈਰ-ਕਾਨੂੰਨੀ ਅਤੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ਼ ਫੈਸਲਾ ਹੋਵੇਗਾ। ਅਜਿਹੀ ਇਕ ਪ੍ਰਵਿਰਤੀ ਨਾਲ ਬਹੁ-ਭਾਸ਼ੀ ਦੇਸ਼ ਅੰਦਰ ਬੇਚੈਨੀ ਪੈਦਾ ਹੋਣਾ ਸੁਭਾਵਿਕ ਹੋਵੇਗਾ।

ਉਨ੍ਹਾਂ ਕਿਹਾ ਕਿ ਕੋਈ ਹਿੰਦੀ ਬੋਲਣਾ ਚਾਹੁੰਦਾ ਹੈ, ਉਸ 'ਤੇ ਕੋਈ ਰੋਕ ਨਹੀਂ ਲਾਈ ਜਾ ਸਕਦੀ ਪਰ ਬਾਕੀ ਭਾਸ਼ਾਵਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸਮੇਂ ਦੀ ਵੱਡੀ ਲੋੜ ਹੈ। ਫੈੱਡਰੇਸ਼ਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਭਾਸ਼ਾ ਨੂੰ ਥੋਪ ਕੇ ਪੰਜਾਬੀ ਦੀ ਤੌਹੀਨ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਫੈਸਲੇ ਖਿਲਾਫ਼ ਸੰਘਰਸ਼ ਲਈ ਤਿਆਰ ਰਹਾਂਗੇ।


Babita

Content Editor

Related News