ਪਾਕਿਸਤਾਨ ''ਚ ਵਿਸਾਖੀ ਮਨਾ ਕੇ ਭਾਰਤ ਪਰਤੇ ਸਿੱਖ ਸ਼ਰਧਾਲੂ, BSF ਤੇ LPI ਅਟਾਰੀ ਸਰਹੱਦ ਨੇ ਕੀਤਾ ਨਿੱਘਾ ਸਵਾਗਤ
Wednesday, Apr 19, 2023 - 04:10 AM (IST)
ਅੰਮ੍ਰਿਤਸਰ (ਸਰਬਜੀਤ)- ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਭਾਰਤ ਤੋਂ ਪਿਛਲੇ ਦਿਨੀਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਅਟਾਰੀ-ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪਰਤ ਆਏ। ਪਾਕਿਸਤਾਨ ਤੋਂ ਭਾਰਤ ਪਰਤਣ 'ਤੇ ਸਿੱਖ ਸ਼ਰਧਾਲੂਆਂ ਦਾ ਅਟਾਰੀ ਸਰਹੱਦ ਵਿਖੇ ਬਣੀ ਆਈ.ਸੀ.ਪੀ. ਇੰਟੀਗਰੇਟਿਡ ਚੈੱਕ ਪੋਸਟ ਵਿਖੇ ਪੁੱਜਣ 'ਤੇ ਬੀ.ਐੱਸ.ਐੱਫ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਅਤੇ ਲੈਂਡ ਪੋਰਟ ਅਥਾਰਟੀ ਐੱਲ.ਪੀ.ਆਈ. ਦੇ ਮੈਨੇਜਰ ਸਤੀਸ਼ ਧਿਆਨੀ ਕਸਟਮ ਦੇ ਵਧੀਕ ਕਮਿਸ਼ਨਰ ਅਤੁਲ, ਭਾਰਤੀ ਇਮੀਗ੍ਰੇਸ਼ਨ ਦੇ ਇੰਚਾਰਜ ਅਟਾਰੀ ਅਟਾਰੀ ਸਰਹੱਦ ਰਾਹੁਲ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕਰਦਿਆਂ ਬੀ.ਐੱਸ.ਐੱਫ. ਵੱਲੋਂ ਸਰਹੱਦ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲੋਂ ਲੰਗਰ ਪ੍ਰਸ਼ਾਦਾ ਚਾਹ ਪਾਣੀ ਸਿੱਖ ਸ਼ਰਧਾਲੂਆਂ ਨੂੰ ਛਕਾਇਆ ਗਿਆ। ਐੱਲ.ਪੀ.ਆਈ. ਵੱਲੋਂ ਵਿਸ਼ੇਸ਼ ਤੌਰ 'ਤੇ ਭਾਰਤ-ਪਾਕ ਦੇਸ਼ਾਂ ਦੀ ਸਰਹੱਦ ਵਾਹਗਾ-ਅਟਾਰੀ ਰਸਤੇ ਘਰ ਅੰਦਰ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ ਲਗਾ ਕੇ ਸ਼ਰਧਾਲੂਆਂ ਨੂੰ ਭਾਰਤੀ ਖੇਤਰ ਦੇ ਇਮੀਗ੍ਰੇਸ਼ਨ ਕਸਟਮ ਹਾਲ ਵਿਖੇ ਲਿਆਂਦਾ ਗਿਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ: ਔਰਤ ਨੂੰ ਛੇੜਨ ਦੇ ਸ਼ੱਕ ’ਚ ਵਿਅਕਤੀ ਦਾ ਡੰਡਿਆਂ ਤੇ ਰਾਡਾਂ ਨਾਲ ਕੁੱਟ-ਕੁੱਟ ਕੇ ਕੀਤਾ ਕਤਲ
ਪਾਕਿਸਤਾਨ ਤੋਂ 10 ਦਿਨ ਦੀ ਯਾਤਰਾ ਕਰਕੇ ਵਤਨ ਪਰਤੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ, ਜੱਥੇਦਾਰ ਬਲਵਿੰਦਰ ਸਿੰਘ ਵੈਪੂਈ, ਬੀਬੀ ਜੋਗਿੰਦਰ ਕੌਰ ਬਠਿੰਡਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਪਾਕਿਸਤਾਨ ਦੇ ਗੁਰਧਾਮਾਂ ਵਿਖੇ ਬਹੁਤ ਹੀ ਵਧੀਆ ਤੇ ਸਫਲਤਾਪੂਰਵਕ ਰਹੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ, ਪਾਕਿ ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਧਾਮਾਂ ਵਿਖੇ ਭਾਰਤ ਤੋਂ ਇਲਾਵਾ ਹੋਰਨਾਂ ਮੁਲਕਾਂ ਤੋਂ ਪਾਕਿਸਤਾਨ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਪੁੱਜੇ ਭਾਰਤੀ ਸ਼ਰਧਾਲੂਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ 10 ਦਿਨ ਦੀ ਯਾਤਰਾ ਕਰਵਾਈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਪਹਿਲਾਂ ਨਾਲੋਂ ਪਾਕਿ ਗੁਰਧਾਮਾਂ ਵਿਚ ਸਿੱਖ ਸੰਗਤਾਂ ਪ੍ਰਤੀ ਚੰਗੇ ਪ੍ਰਬੰਧ ਹੋਏ ਹਨ ਤੇ ਕਿਸੇ ਵੀ ਸੰਗਤ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਹੋਰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ
ਉਨ੍ਹਾਂ ਦੱਸਿਆ ਕਿ 10 ਦਿਨਾ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਮੌਕੇ ਉਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ, ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ ਦੇ ਦਰਸ਼ਨ-ਦੀਦਾਰੇ ਕਰਨ ਤੋਂ ਇਲਾਵਾ ਵਿਸਾਖੀ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਵਿਖੇ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਏ ਪੰਜ ਪਿਆਰੇ ਸਾਹਿਬਾਨਾਂ ਨੇ ਹਸਨ ਅਬਦਾਲ ਵਸਾਖੀ ਦੇ ਦਿਹਾੜੇ ਮੌਕੇ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ।
ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੀ ਪਾਰਲੀਮੈਂਟ 'ਚ ਗੂੰਜਿਆ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦਾ ਮੁੱਦਾ, ਰੱਖਿਆ ਮੰਤਰੀ ਨੇ ਕਹੀ ਇਹ ਗੱਲ
ਪਾਕਿਸਤਾਨ ਤੋਂ ਵਤਨ ਪਰਤੇ ਸ਼ਰਧਾਲੂਆਂ ਦਾ ਭਾਰਤ ਆਉਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰੂਬੀ ਅਟਾਰੀ ਹਰਪਾਲ ਸਿੰਘ, ਹਰਜੀਤ ਸਿੰਘ ਨੇ ਸ਼ਰਧਾਲੂਆਂ ਨੂੰ ਜੀ ਆਇਆਂ ਕਿਹਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਰਧਾਲੂਆਂ ਨੂੰ ਅਟਾਰੀ ਸਰਹੱਦ ਤੋਂ ਅੰਮ੍ਰਿਤਸਰ ਲੈ ਕੇ ਜਾਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਫਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਦੀ ਟੀਮ ਵੱਲੋਂ ਪਾਕਿਸਤਾਨ ਤੋਂ ਭਾਰਤ ਪੁੱਜੇ ਸਿੱਖ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਮੌਕੇ ਬੀ.ਐੱਸ.ਐੱਫ ਦੇ ਕਮਾਂਡਰ ਪਰਦੀਪ ਸਿੰਘ, ਡਿਪਟੀ ਕਮਾਂਡੈਂਟ ਲਖਮਨ, ਲੈਂਡ ਪੋਰਟ ਅਥਾਰਟੀ ਦੇ ਮਦਨ ਲਾਲ ਭੋਗਲ, ਸਤਪਾਲ ਸਿੰਘ, ਕਸਮ ਇੰਸਪੈਕਟਰ ਗੁਰਵਿੰਦਰ ਸਿੰਘ ਮਲੋਟ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।