ਬੇਅਦਬੀ ਕਾਂਡ : 35 ਸਿੱਖ ਜਥੇਬੰਦੀਆਂ ਘੇਰਨਗੀਆਂ ਕਾਂਗਰਸੀ ਮੰਤਰੀਆਂ ਦੀਆਂ ਕੋਠੀਆਂ

Sunday, Dec 15, 2019 - 06:26 PM (IST)

ਬੇਅਦਬੀ ਕਾਂਡ : 35 ਸਿੱਖ ਜਥੇਬੰਦੀਆਂ ਘੇਰਨਗੀਆਂ ਕਾਂਗਰਸੀ ਮੰਤਰੀਆਂ ਦੀਆਂ ਕੋਠੀਆਂ

ਫ਼ਰੀਦਕੋਟ (ਹਾਲੀ) - ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ 35 ਸਿੱਖ ਜਥੇਬੰਦੀਆਂ ਕਾਂਗਰਸੀ ਮੰਤਰੀਆਂ ਦੀਆਂ ਕੋਠੀਆਂ ਘੇਰਨ ਜਾ ਰਹੀਆਂ ਹਨ। ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਚੌਕ ’ਚ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਦੌਰਾਨ ਪੁਲਸ ਪ੍ਰਸ਼ਾਸਨ ਵਲੋਂ ਲਾਠੀਚਾਰਜ ਅਤੇ ਗੋਲੀਬਾਰੀ ਕੀਤੀ ਗਈ ਸੀ। ਜਿਸ ’ਚ ਮਾਰੇ ਗਏ ਦੋਂ ਸਿੱਖ ਨੌਜਵਾਨਾਂ ਨੂੰ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਸੇ ਕਰਕੇ 35 ਸਿੱਖ ਜਥੇਬੰਦੀਆਂ ਗੱਠਜੋੜ ਦੇ ਜਰੀਏ ਮੰਤਰੀਆਂ ਦੀਆਂ ਕੋਠੀਆਂ ਘੇਰਨ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਜਥੇਬੰਦੀਆਂ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ’ਤੇ ਬਹਿਬਲ ਕਲਾਂ ਮਾਮਲੇ ’ਚ ਇਨਸਾਫ਼ ਨਾ ਮਿਲਣ ’ਤੇ 35 ਸਿੱਖ ਜਥੇਬੰਦੀਆਂ ਦੇ ‘ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵਲੋਂ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਸੰਘਰਸ਼ ਦੇ ਐਲਾਨ ਕਾਰਨ ਕੈਪਟਨ ’ਤੇ ਉਸ ਦੇ ਮੰਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਸਿੱਖ ਜਥੇਬੰਦੀਆਂ ਨੇ ਮੰਤਰੀਆਂ ਦੇ ਘਰਾਂ ਸਾਹਮਣੇ ਧਰਨੇ ਲਾਉਣ ਦਾ ਐਲਾਨ ਕੀਤਾ ਹੀ ਸੀ ਕਿ ਜ਼ਿਲਾ ਪੱਧਰ ’ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜੇ ਕੈਬਨਿਟ ਮੰਤਰੀਆਂ ਨੇ ਵਿਧਾਨ ਸਭਾ ’ਚ ਜਜ਼ਬਾਤੀ ਭਾਸ਼ਣ ਦੇ ਕੇ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਉਨ੍ਹਾਂ ਦੇ ਘਰਾਂ ਮੂਹਰੇ 51 ਮੈਂਬਰੀ ਨੌਜਵਾਨ ਜਥੇਬੰਦੀਆਂ ਦੇ ਨੁਮਾਇੰਦੇ ਧਰਨੇ ’ਤੇ ਬੈਠਣਗੇ, ਜਿਨ੍ਹਾਂ ਨੂੰ ਵਾਅਦੇ ਯਾਦ ਕਰਵਾ ਜਵਾਬ ਮੰਗੇ ਜਾਣਗੇ।

22 ਦਸੰਬਰ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਧਰਨਾ ਦੇਣ ਮਗਰੋਂ ਅਗਲੇਰੀ ਵਿਉਂਤਬੰਧੀ ਬਣਾਈ ਜਾਵੇਗੀ। ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਅਗਲੇ ਪੜਾਅ ’ਚ ਬਾਕੀ ਰਹਿੰਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਡੇਰਾ ਮੁਖੀ ਤੇ ਪ੍ਰੇਮੀਆਂ ਨੂੰ ਬਰਗਾੜੀ ਤੇ ਮੌੜ ਬੰਬ ਧਮਾਕੇ ਮਾਮਲਿਆਂ ’ਚੋਂ ਬਚਾਉਣਾ ਚਾਹੁੰਦੇ ਹਨ। ਕੈਪਟਨ ਵਾਂਗ ਇਹੀ ਕੰਮ ਤਤਕਾਲੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਨੇ ਕੀਤਾ ਸੀ, ਜਿਸ ਕਰਕੇ ਪੰਥਦਰਦੀਆਂ ਵਲੋਂ ਮੰਤਰੀਆਂ ਸਣੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ’ਚ ਬੈਠੀਆਂ ਸੰਗਤਾ ਨੂੰ ਇਨਸਾਫ ਮਿਲ ਸਕੇ।


author

rajwinder kaur

Content Editor

Related News