ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐਂਟੀ-ਡਰੱਗਜ਼ ਫੈੱਡਰੇਸ਼ਨ ਨੇ ਵਿੱਢੀ ਦਸਤਕੀ ਮੁਹਿੰਮ

Sunday, Oct 29, 2017 - 08:11 AM (IST)

ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐਂਟੀ-ਡਰੱਗਜ਼ ਫੈੱਡਰੇਸ਼ਨ ਨੇ ਵਿੱਢੀ ਦਸਤਕੀ ਮੁਹਿੰਮ

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪਿਛਲੇ ਮਹੀਨੇ ਦਿੱਲੀ 'ਚ ਜਨਤਕ ਥਾਂ 'ਤੇ ਸਿਗਰਟ ਪੀਣ ਤੋਂ ਰੋਕਣ ਵਾਲੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਨੂੰ ਲੈ ਕੇ ਸਮੁੱਚੇ ਪੰਜਾਬੀਆਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਲਾ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦਾ ਨਿਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਸਮਾਜਕ ਸੰਸਥਾ 'ਐਂਟੀ-ਡਰੱਗਜ਼ ਫੈੱਡਰੇਸ਼ਨ' ਨੇ ਸੂਬੇ ਭਰ 'ਚ ਦਸਤਕੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਮੋਗਾ ਦੇ ਬੱਸ ਅੱਡੇ 'ਤੇ ਮ੍ਰਿਤਕ ਦੇ ਪਿਤਾ ਓਂਕਾਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਮਾਮਲੇ 'ਚ ਇਨਸਾਫ ਹਾਸਲ ਕਰਨ ਲਈ ਦਰ-ਦਰ ਠੋਕਰਾਂ ਖਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ 'ਚ ਕਥਿਤ ਤੌਰ 'ਤੇ ਸਹੀ ਰੋਲ ਨਹੀਂ ਅਦਾ ਕਰ ਰਹੀ, ਇਸ ਲਈ ਸਾਡੀ ਮੰਗ ਹੈ ਕਿ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਦਿੱਤੀ ਜਾਵੇ ਅਤੇ ਵੱਡੀ ਪੱਧਰ 'ਤੇ ਲੋਕਾਂ ਦੇ ਦਸਤਖਤ ਕਰਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਜਾਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਇਨਸਾਫ ਦਿੱਤਾ ਜਾਵੇ। ਇਸ ਸਮੇਂ ਜਸਵਿੰਦਰ ਸਿੰਘ, ਦੌਲਤ ਰਾਮ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਮੌਜੂਦ ਸਨ।


Related News