ਸਿੱਧੂ ਸਾਹਬ! ਗੱਲਾਂ ਘੱਟ ਕਰੋ ਤੇ ਕੰਮ ਵੱਲ ਜ਼ਿਆਦਾ ਧਿਆਨ ਦਿਓ
Monday, Aug 14, 2017 - 06:20 AM (IST)
ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਹੈ ਕਿ ਉਹ ਗੱਲਾਂ ਘੱਟ ਕਰੇ ਅਤੇ ਕੰਮ ਕਰਨ ਵੱਲ ਜ਼ਿਆਦਾ ਧਿਆਨ ਦੇਵੇ । ਪਾਰਟੀ ਨੇ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਨੇ ਖਰਾਬ ਫਾਇਰ ਬ੍ਰਿਗੇਡ ਵਾਹਨਾਂ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਸੂਬੇ ਲਈ ਕੀ ਕੀਤਾ ਹੈ? ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾ. ਦਲਜੀਤ ਸਿੰਘ ਚੀਮਾ ਨੇ ਸਿੱਧੂ ਨੂੰ ਹਰ ਰੋਜ਼ 'ਖ਼ਿਆਲੀ ਪੁਲਾਓ' ਨਾ ਪਕਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜ ਸਾਨੂੰ ਤੁਹਾਡੇ ਤਾਜ਼ਾ ਸੁਪਨੇ ਬਾਰੇ ਪਤਾ ਲੱਗਾ ਹੈ ਕਿ ਸੂਬੇ ਨੂੰ ਅਕਾਲੀ-ਭਾਜਪਾ ਹਕੂਮਤ ਦੌਰਾਨ ਪਿਛਲੇ 5 ਸਾਲਾਂ 'ਚ ਬਾਹਰੀ ਇਸ਼ਤਿਹਾਰਬਾਜ਼ੀ ਵਿਚ 2500 ਕਰੋੜ ਰੁਪਏ ਦਾ ਘਾਟਾ ਪਿਆ ਹੈ । ਅਸੀਂ ਹੁਣ ਇਹ ਵੇਖਣਾ ਹੈ ਕਿ ਕਿ ਸੂਬੇ ਦਾ ਇਹ ਗੁਆਚਿਆ ਪੈਸਾ ਤੁਸੀਂ ਕਿਸ ਤਰ੍ਹਾਂ ਕਮਾਓਗੇ । ਉਨ੍ਹਾਂ ਕਿਹਾ ਕਿ ਜਿਹੜਾ ਤੁਸੀਂ ਬਾਹਰੀ ਇਸ਼ਤਿਹਾਰਬਾਜ਼ੀ 'ਚੋਂ 600 ਕਰੋੜ ਰੁਪਏ ਸਾਲਾਨਾ ਕਮਾਈ ਦਾ ਐਲਾਨ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਅਗਲੇ ਤਿੰਨ ਮਹੀਨਿਆਂ ਵਿਚ ਬਾਹਰੀ ਇਸ਼ਤਿਹਾਰਬਾਜ਼ੀ ਰਾਹੀਂ 75 ਕਰੋੜ ਰੁਪਏ ਕਮਾ ਕੇ ਵਿਖਾਓ । ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਆਪਣੇ ਝੂਠੇ ਬਿਆਨਾਂ ਅਤੇ ਡਰਾਮੇਬਾਜ਼ੀ ਨਾਲ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਨ ਵਾਸਤੇ ਉਨ੍ਹਾਂ ਤੋਂ ਮੁਆਫੀ ਮੰਗੋ ।
ਸਿੱਧੂ ਨੂੰ ਇਹ ਕਹਿੰਦਿਆਂ ਕਿ ਉਹ ਅਕਾਲੀ ਦਲ ਪ੍ਰਤੀ ਆਪਣੀ ਨਫਰਤ ਨੂੰ ਸੂਬੇ ਦੇ ਵਿਕਾਸ ਦੇ ਰਾਹ ਦਾ ਰੋੜਾ ਨਾ ਬਣਾਏ, ਡਾ. ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਸ ਨੂੰ ਲੋਕਾਂ ਦੀ ਸੇਵਾ ਕਰਨ ਲਈ ਫਤਵਾ ਮਿਲਿਆ ਹੈ, ਲੋਕਾਂ ਨਾਲ ਵਿਤਕਰਾ ਕਰਨ ਲਈ ਨਹੀਂ । ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਇਕੋ ਕੰਮ ਫਾਇਰ ਬ੍ਰਿਗੇਡ ਵਾਹਨਾਂ ਨੂੰ ਹਰੀ ਝੰਡੀ ਦੇਣ ਦਾ ਕੀਤਾ ਸੀ, ਜਿਹੜੇ ਕਿ ਕੁਝ ਕਿਲੋਮੀਟਰ ਚੱਲ ਕੇ ਹੀ ਬੰਦ ਹੋ ਗਏ ਸਨ, ਜਿਸ ਕਰਕੇ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ । ਇਸ ਲਈ ਤੁਹਾਡੇ ਲਈ ਚੰਗਾ ਹੋਵੇਗਾ ਕਿ ਪਹਿਲਾਂ ਇਹ ਸਿੱਖ ਲਵੋ ਕਿ ਸਰਕਾਰ ਕੰਮ ਕਿਵੇਂ ਕਰਦੀ ਹੈ ਅਤੇ ਆਪਣੇ ਅੰਦਰ ਇਕ ਮੰਤਰੀ ਵਾਸਤੇ ਲੋੜੀਂਦੇ ਗੁਣ ਪੈਦਾ ਕਰ ਲਵੋ, ਉਸ ਤੋਂ ਬਾਅਦ ਹੀ ਤੁਸੀਂ ਜਨਤਾ ਦੀ ਭਲਾਈ ਲਈ ਕੁਝ ਕਰ ਸਕੋਗੇ ।
