ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਵੀ ਨੀਵਾਂ ਦਿਖਾ ਗਏ ਨਵਜੋਤ ਸਿੱਧੂ
Wednesday, Sep 29, 2021 - 02:18 AM (IST)
ਚੰਡੀਗੜ੍ਹ(ਹਰੀਸ਼ਚੰਦਰ)- ਨਵਜੋਤ ਸਿੰਘ ਸਿੱਧੂ ਵਲੋਂ ਅਚਾਨਕ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਰਾਜਨੀਤਕ ਗਲਿਆਰਿਆਂ ’ਚ ਹਲਚਲ ਹੋਣ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਅਤੇ ਸੰਗਠਨ ਵਿਚ ਥੋੜੀ ਨਿਰਾਸ਼ਾ ਵਾਲੀ ਸਥਿਤੀ ਬਣ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਪੱਧਰ ’ਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਵੀ ਕਾਫ਼ੀ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਗਾਂਧੀ ਹੀ ਦਸੰਬਰ, 2016 ਵਿਚ ਸਿੱਧੂ ਨੂੰ ਕਾਂਗਰਸ ਵਿਚ ਲੈ ਕੇ ਆਏ ਸਨ, ਜਦੋਂ ਕਿ ਪਿ੍ਰਅੰਕਾ ਗਾਂਧੀ ਉਨ੍ਹਾਂ ਦਾ ਕੱਦ ਵਧਾਉਣ ਵਿਚ ਕਾਫ਼ੀ ਉਤਸੁਕ ਦਿਖਾਈ ਦਿੱਤੀ ਸੀ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ 'ਤੇ ਤਿੱਖਾ ਹਮਲਾ, ਕਿਹਾ- ਇਹ ਕੋਈ ਕ੍ਰਿਕਟ ਨਹੀਂ
ਦੋ ਮਹੀਨੇ ਪਹਿਲਾਂ ਜਦੋਂ ਸਿੱਧੂ ਨੂੰ ਪੰਜਾਬ ਵਿਚ ਕਾਂਗਰਸ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਉਸ ’ਚ ਵੱਡੀ ਭੂਮਿਕਾ ਪਿ੍ਰਅੰਕਾ ਗਾਂਧੀ ਦੀ ਰਹੀ ਸੀ। ਰਾਹੁਲ-ਪਿ੍ਰਅੰਕਾ ਨੇ ਗਾਂਧੀ ਪਰਿਵਾਰ ਦੇ 75 ਸਾਲ ਪੁਰਾਣੇ ਸਾਥੀ ਅਤੇ ਪਾਰਟੀ ਵਿਚ ਕਰੀਬ ਅੱਧੀ ਸਦੀ ਗੁਜਾਰਨੇ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਰਾਜ਼ ਕਰਕੇ ਸਿੱਧੂ ਨੂੰ ਪੰਜਾਬ ਪ੍ਰਧਾਨ ਤਾਂ ਬਣਾ ਦਿੱਤਾ, ਪਰ ਸਿੱਧੂ ਹੀ ਬੇਮੌਕੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰ ਗਏ। ਇਨ੍ਹਾਂ ਦੋਨਾਂ ਨੇ ਸਿੱਧੂ ’ਤੇ ਭਰੋਸਾ ਕੀਤਾ ਸੀ ਕਿ ਉਹ ਪਾਰਟੀ ਨੂੰ ਉਸ ਪੱਧਰ ’ਤੇ ਲਿਆ ਕੇ ਦੁਬਾਰਾ ਪੰਜਾਬ ਦੀ ਸੱਤਾ ਵਿਚ ਲਿਆਉਣ ਵਿਚ ਕਾਮਯਾਬ ਰਹਿਣਗੇ, ਜਿਸਦੀ ਉਮੀਦ ਪ੍ਰਦੇਸ਼ ਵਿਚ ਕਾਂਗਰਸ ਨੇਤਾ ਖੋਹ ਚੁੱਕੇ ਹਨ, ਪਰ ਕੈਪਟਨ ਅਮਰਿੰਦਰ ਨੂੰ ਨਰਾਜ਼ ਕਰਨ ਦਾ ਕੋਈ ਫਾਇਦਾ ਰਾਹੁਲ-ਪਿ੍ਰਅੰਕਾ ਨੂੰ ਨਹੀਂ ਹੋਇਆ, ਉਲਟਾ ਸਿੱਧੂ ਹੀ ਮੈਦਾਨ ਛੱਡ ਗਏ।
ਪਰ ਹੋਇਆ ਕੀ, ਕਰੀਬ ਛੇ ਮਹੀਨੇ ਪਹਿਲਾਂ ਬੇਅਦਬੀ ਅਤੇ ਡਰੱਗ ਅਤੇ ਰੇਤ ਮਾਫੀਆ ਆਦਿ ਮੁੱਦੇ ਚੁੱਕ ਕੇ ਆਪਣੀ ਹੀ ਪਾਰਟੀ ਦੀ ਅਮਰਿੰਦਰ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਵਾਲੇ ਸਿੱਧੂ ਨੇ ਚੰਨੀ ਸਰਕਾਰ ਨੂੰ ਇਨ੍ਹਾਂ ਮੁੱਦਿਆਂ ’ਤੇ ਕਿਸੇ ਠੋਸ ਕਾਰਵਾਈ ਦਾ ਮੌਕਾ ਦਿੱਤੇ ਬਿਨਾਂ ਹੀ ਪ੍ਰਧਾਨਗੀ ਛੱਡ ਦਿੱਤੀ। ਸਿੱਧੂ ਚਾਹੁੰਦੇ ਤਾਂ ਨਵੇਂ ਮੁੱਖ ਮੰਤਰੀ ਚੰਨੀ ਨੂੰ ਸੁਝਾਅ ਦੇ ਕੇ ਇਨ੍ਹਾਂ ਮਸਲਿਆਂ ਨੂੰ ਕਿਸੇ ਸਿਰੇ ਲਗਾ ਸਕਦੇ ਸਨ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫੇ ਤੋਂ ਬਾਅਦ ਪ੍ਰਨੀਤ ਕੌਰ ਨੂੰ ਪ੍ਰਧਾਨ ਬਣਾਉਣ ਦੀ ਉੱਠੀ ਮੰਗ
ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਤੋਂ ਬਾਅਦ ਖਫ਼ਾ ਸਨ ਸਿੱਧੂ
ਸੂਤਰਾਂ ਦੀ ਮੰਨੀਏ ਤਾਂ ਨਵੀਂ ਸਰਕਾਰ ਵਿਚ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਤੋਂ ਬਾਅਦ ਸਿੱਧੂ ਖਫ਼ਾ ਸਨ। ਉਨ੍ਹਾਂ ਦੀ ਸਿਫਾਰਿਸ਼ ਨੂੰ ਮੁੱਖ ਮੰਤਰੀ ਚੰਨੀ ਨੇ ਸਿਰੇ ਤੋਂ ਨਕਾਰਦਿਆਂ ਆਪਣੀ ਟੀਮ ਨੂੰ ਆਪਣੇ ਮਨਮਾਫਿਕ ਜਿੰਮਾ ਸੌਂਪਿਆ ਸੀ। ਸਿੱਧੂ ਚਾਹੁੰਦੇ ਸਨ ਕਿ ਬ੍ਰਹਮਾ ਮੋਹਿੰਦਰਾ ਨੂੰ ਕਿਸੇ ਸੂਰਤ ਵਿਚ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਦੁਬਾਰਾ ਨਾ ਮਿਲੇ, ਪਰ ਚੰਨੀ ਨੇ ਬ੍ਰਹਮਾ ਨੂੰ ਹੀ ਇਸ ਦਾ ਜਿੰਮਾ ਸੌਂਪਿਆ। ਦਰਅਸਲ ਸਿੱਧੂ ਦੇ ਕੈਪਟਨ ਸਰਕਾਰ ਤੋਂ ਅਸਤੀਫ਼ੇ ਤੋਂ ਬਾਅਦ ਅਮਰਿੰਦਰ ਨੇ ਬ੍ਰਹਮਾ ਮੋਹਿੰਦਰਾ ਨੂੰ ਹੀ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਸੌਂਪਿਾਅ ਸੀ। ਇਸ ਤੋਂ ਇਲਾਵਾ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਜਦੋਂ ਅਮਰਿੰਦਰ ਨੇ ਕਿਹਾ ਕਿ ਸਿੱਧੂ ਵਲੋਂ ਸਰਵਜਨਕ ਤੌਰ ’ਤੇ ਮੁਆਫ਼ੀ ਮੰਗਣ ਤੱਕ ਨਹੀਂ ਮਿਲਣਗੇ, ਬ੍ਰਹਮਾ ਨੇ ਹੀ ਉਨ੍ਹਾਂ ਦੇ ਸੁਰ ਵਿਚ ਸੁਰ ਮਿਲਾਉਂਦਿਆਂ ਕਿਹਾ ਸੀ ਕਿ ਉਹ ਵੀ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਅਮਰਿੰਦਰ ਦੀ ਨਰਾਜ਼ਗੀ ਦੂਰ ਨਹੀਂ ਕਰਦੇ।
ਹੁਣ ਮੌਕਾ ਹੱਥ ਲੱਗਾ ਤਾਂ ਸਿੱਧੂ ਨੇ ਬ੍ਰਹਮਾ ਮੋਹਿੰਦਰਾ ਦੇ ਪਰ ਕੁਤਰਨ ਲਈ ਚੰਨੀ ਨੂੰ ਉਨ੍ਹਾਂ ਦਾ ਵਿਭਾਗ ਬਦਲਣ ਨੂੰ ਕਿਹਾ, ਪਰ ਚੰਨੀ ਨੇ ਬ੍ਰਹਮਾ ਨੂੰ ਹੀ ਅਹੁਦੇ ’ਤੇ ਬਰਕਰਾਰ ਰੱਖਿਆ। ਸੂਤਰਾਂ ਮੁਤਾਬਿਕ ਬ੍ਰਹਮਾ ਦਾ ਸਥਾਨਕ ਸਰਕਾਰਾਂ ਵਿਭਾਗ ਉਨ੍ਹਾਂ ਕੋਲ ਰੱਖਣ ਲਈ ਕੈਪਟਨ ਅਮਰਿੰਦਰ ਨੇ ਵੀ ਚੰਨੀ ਕੋਲ ਸੁਨੇਹਾ ਭਿਜਵਾਇਆ ਸੀ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਜਾਖੜ ਨੇ ਪਹਿਲਾਂ ਹੀ ਚੇਤਾਇਆ ਸੀ:
ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਦੁਪਹਿਰ ਕਰੀਬ 2 ਵਜੇ ‘ਜਗਬਾਣੀ’ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸਿੱਧੂ ਕਾਂਗਰਸ ਵਿਚ ਲੰਬਾ ਚੱਲਣ ਵਾਲੇ ਨਹੀਂ ਦਿਸਦੇ। ਇਹ ਪੁੱਛੇ ਜਾਣ ’ਤੇ ਕਿ ਚੰਨੀ-ਸਿੱਧੂ ਕੀ ਆਗਾਮੀ ਚੋਣਾਂ ਤੱਕ ਇਕੱਠੇ ਚੱਲ ਸਕਣਗੇ, ਜਾਖੜ ਨੇ ਕਿਹਾ ਸੀ ਕਿ ਕੁੱਝ ਦਿਨਾਂ ਵਿਚ ਹੀ ਅਜਿਹੇ ਹਾਲਾਤ ਬਣ ਜਾਣਗੇ ਕਿ ਸਿੱਧੂ ਖੁਦ ਹੀ ਸਭ ਕੁੱਝ ਛੱਡ ਕੇ ਭੱਜ ਜਾਣਗੇ। ਇਸ ਦੇ ਕਰੀਬ ਘੰਟੇ ਭਰ ਬਾਅਦ ਹੀ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਘਮਾਸਾਨ ਦਰਮਿਆਨ CM ਚੰਨੀ ਨੇ ਕੱਲ ਸੱਦੀ ਕੈਬਨਿਟ ਮੀਟਿੰਗ
ਚੰਨੀ ਹੋਏ ਪਾਵਰਫੁਲ:
ਮੌਜੂਦਾ ਸਮੇਂ ਵਿਚ ਚਰਨਜੀਤ ਸਿੰਘ ਚੰਨੀ ਇੰਨੇ ਤਾਕਤਵਰ ਹੋ ਗਏ ਹਨ ਕਿ ਹਾਈਕਮਾਨ ਚਾਹ ਕੇ ਵੀ ਉਨ੍ਹਾਂ ਨੂੰ ਮੁੱਖਮੰਤਰੀ ਅਹੁਦੇ ਤੋਂ ਨਹੀਂ ਹਟਾ ਸਕਦੀ। ਕੈਪਟਨ ਅਮਰਿੰਦਰ ਖਿਲਾਫ਼ ਤਾਂ ਸਾਢੇ 4 ਸਾਲ ਦੀ ਨਰਾਜ਼ਗੀ ਪਾਰਟੀ ਵਿਧਾਇਕਾਂ ਵਿਚ ਸੀ, ਪਰ ਚੰਨੀ ਖਿਲਾਫ਼ ਵਿਧਾਇਕ ਕਿਸ ਮੁੱਦੇ ’ਤੇ ਅਸੰਤੋਸ਼ ਹਾਈਕਮਾਨ ਦੇ ਸਾਹਮਣੇ ਦਿਖਾਉਣਗੇ। ਇਸ ਤੋਂ ਇਲਾਵਾ ਸਿੱਧੂ ਨੂੰ ਖੁਸ਼ ਕਰਨ ਲਈ ਚੰਨੀ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਹਾਈਕਮਾਨ ਕਰਦਾ ਹੈ ਤਾਂ ਇਸ ਦਾ ਗਲਤ ਸੰਕੇਤ ਵੀ ਜਾਵੇਗਾ, ਜਿੱਥੇ ਕਰੀਬ ਇਕ ਤਿਹਾਈ ਵੋਟਰ ਐੱਸ.ਸੀ. ਬਰਾਦਰੀ ਤੋਂ ਹਨ, ਜਿਸ ਨਾਲ ਚੰਨੀ ਸਬੰਧ ਰੱਖਦੇ ਹਨ। ਇਹੀ ਕਾਰਣ ਹੈ ਕਿ ਚੰਨੀ ਸਰਕਾਰ ਬਣਨ ਤੋਂ ਬਾਅਦ ਖੁਲ੍ਹ ਕੇ ਫੈਸਲੇ ਲੈ ਰਹੇ ਹਨ, ਚਾਹੇ ਉਹ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦਾ ਮਸਲਾ ਹੋਵੇ ਅਤੇ ਜਾਂ ਫੇਰ ਐਡਵੋਕੇਟ ਜਨਰਲ ਜਾਂ ਡੀ.ਜੀ.ਪੀ. ਲਗਾਉਣ ਦਾ।