''ਨਵਜੋਤ ਸਿੱਧੂ'' ਦੀ ਕੈਬਨਿਟ ''ਚ ਕਦੋਂ ਵਾਪਸੀ ਹੋਵੇਗੀ, ਸਿਰਫ ''ਕੈਪਟਨ'' ਨੂੰ ਹੀ ਖ਼ਬਰ

Wednesday, Dec 02, 2020 - 10:06 AM (IST)

''ਨਵਜੋਤ ਸਿੱਧੂ'' ਦੀ ਕੈਬਨਿਟ ''ਚ ਕਦੋਂ ਵਾਪਸੀ ਹੋਵੇਗੀ, ਸਿਰਫ ''ਕੈਪਟਨ'' ਨੂੰ ਹੀ ਖ਼ਬਰ

ਚੰਡੀਗੜ੍ਹ (ਹਰੀਸ਼ਚੰਦਰ) : 25 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ’ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੰਚ ’ਤੇ ਮੁਲਾਕਾਤ ਤੋਂ ਬਾਅਦ ਇਹ ਕਿਆਸ ਤੇਜ਼ ਹੋ ਗਏ ਸਨ ਕਿ ਛੇਤੀ ਹੀ ਪੰਜਾਬ ਸਰਕਾਰ 'ਚ ਬਤੌਰ ਮੰਤਰੀ ਸਿੱਧੂ ਦੀ ਵਾਪਸੀ ਹੋਣ ਜਾ ਰਹੀ ਹੈ। ਖੁਦ ਮੁੱਖ ਮੰਤਰੀ ਵੱਲੋਂ ਲੰਚ ਦਾ ਸੱਦਾ ਦਿੱਤੇ ਜਾਣ ਦੀ ਖ਼ਬਰ ਵੀ ਮੁੱਖ ਮੰਤਰੀ ਦਫ਼ਤਰ ਤੋਂ ਹੀ ਇਕ ਦਿਨ ਪਹਿਲਾਂ ਮੀਡੀਆ ਨੂੰ ਮਿਲੀ ਸੀ। ਹੁਣ ਇਕ ਹਫ਼ਤੇ ਬਾਅਦ ਵੀ ਸਿੱਧੂ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਆਈ ਹੈ, ਜਦੋਂ ਕਿ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਦੋਹਾਂ ਨੇ ਸਾਦਾ ਖਾਣਾ ਖਾਧਾ ਅਤੇ ਕ੍ਰਿਕੇਟ ’ਤੇ ਚਰਚਾ ਕੀਤੀ। ਕੋਈ ਸਿਆਸੀ ਗੱਲ ਇਸ ਦੌਰਾਨ ਨਹੀਂ ਹੋਈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੀ ਕੈਪਟਨ ਦੀ ਕੈਬਨਿਟ 'ਚ ਵਾਪਸੀ ਤਾਂ ਹੋਵੇਗੀ, ਪਰ ਕਦੋਂ, ਇਹ ਸਿਰਫ਼ ਉਹੀ ਜਾਣਦੇ ਹਨ।

ਇਹ ਵੀ ਪੜ੍ਹੋ : ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਬੁਲਾ ਕੇ ਬੁਰਾ ਫਸਿਆ ਸਕੂਲ, ਹੁਣ ਹੋਵੇਗੀ ਕਾਰਵਾਈ

ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਸਿੱਧੂ ਨੂੰ ਚਹੇਤਾ ਸਥਾਨਕ ਸਰਕਾਰਾਂ ਮਹਿਕਮਾ ਦੇਣ ਨੂੰ ਕੈਪਟਨ ਅਮਰਿੰਦਰ ਰਾਜ਼ੀ ਨਹੀਂ ਹਨ। ਕੋਈ ਹੋਰ ਮਹਿਕਮਾ ਸੰਭਾਲਣ ਦੀ ਬਜਾਏ ਸਿੱਧੂ ਨੇ ਅਸਤੀਫ਼ਾ ਦੇਣਾ ਬਿਹਤਰ ਸਮਝਿਆ ਸੀ, ਉਨ੍ਹਾਂ ਨੂੰ ਉਹੀ ਮਹਿਕਮਾ ਵਾਪਸ ਮਿਲੇਗਾ ਪਰ ਨਾਲ ਕਿਸੇ ਹੋਰ ਮਹਿਕਮੇ ਦੀ ਜ਼ਿੰਮੇਦਾਰੀ ਵੀ ਦਿੱਤੀ ਜਾ ਸਕਦੀ ਹੈ। ਧਿਆਨਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਕੁੱਝ ਮੰਤਰੀਆਂ ਦੇ ਮਹਿਕਮਿਆਂ 'ਚ ਫੇਰਬਦਲ ਕੀਤਾ ਸੀ, ਉਦੋਂ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਅਤੇ ਸੱਭਿਆਚਾਰਕ ਮਾਮਲੇ ਮਹਿਕਮਾ ਵਾਪਸ ਲੈ ਲਏ ਸਨ। ਇਸ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ’ਤੇ ਗਾਜ਼ ਡਿੱਗਣ ਦਾ ਅੰਦੇਸ਼ਾ ਉਦੋਂ ਹੋ ਗਿਆ ਸੀ, ਜਦੋਂ ਅਮਰਿੰਦਰ ਨੇ ਪੰਜਾਬ 'ਚ ਕੁੱਝ ਸੀਟਾਂ ’ਤੇ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਸੀ। ਉਨ੍ਹਾਂ ਉਦੋਂ ਇਹ ਟਿੱਪਣੀ ਕੀਤੀ ਸੀ, ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਹੀ ਰਹੇ ਸਨ। ਰਾਹੁਲ-ਪ੍ਰਿਅੰਕਾ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਨਵਜੋਤ ਸਿੱਧੂ ਪਿਛਲੇ ਸਾਲ ਅਸਤੀਫ਼ੇ ਤੋਂ ਬਾਅਦ ਤੋਂ ਸਿਆਸੀ ਬਨਵਾਸ ਭੁਗਤ ਰਹੇ ਹਨ। ਕਿਸੇ ਸਿਆਸੀ ਮੰਚ ’ਤੇ ਦਿਖਾਈ ਨਹੀਂ ਦਿੰਦੇ ਸਨ ਅਤੇ ਨਾ ਹੀ ਪਾਰਟੀ ਬੈਠਕਾਂ 'ਚ ਨਜ਼ਰ ਆਉਂਦੇ ਸਨ। ਹੁਣ ਤੱਕ ਸਿੱਧੂ ਨੂੰ ਇਹੀ ਲੱਗਦਾ ਰਿਹਾ ਹੈ ਕਿ ਰਾਹੁਲ ਗਾਂਧੀ ਇਕ ਨਾ ਇਕ ਦਿਨ ਉਨ੍ਹਾਂ ਦੀ ਕਿਸ਼ਤੀ ਜ਼ਰੂਰ ਪਾਰ ਲਗਾਉਣਗੇ, ਪਰ ਮੌਜੂਦਾ ਹਾਲਾਤ ਫਿਲਹਾਲ ਤਾਂ ਇਸ ਦੀ ਗਵਾਹੀ ਨਹੀਂ ਦਿੰਦੇ।

ਇਹ ਵੀ ਪੜ੍ਹੋ : ਮ੍ਰਿਤਕ ਕਿਸਾਨ ਦੀ ਲਾਸ਼ ਪੰਜਾਬ ਲਿਆਉਣ ਤੋਂ ਜੱਥੇਬੰਦੀਆਂ ਦਾ ਇਨਕਾਰ, ਕੇਂਦਰ ਅੱਗੇ ਰੱਖੀਆਂ ਇਹ ਮੰਗਾਂ
ਚਾਹੇ ਕਿੰਨੀਆਂ ਬੈਠਕਾਂ ਹੋ ਜਾਣ ਪਰ ਕੈਪਟਨ ਕਰਨਗੇ ਉਹੀ ਜੋ ਉਹ ਚਾਹੁਣਗੇ
ਪਾਰਟੀ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੇਤਾਵਾਂ 'ਚ ਚਾਹੇ ਕਿੰਨੀਆਂ ਵੀ ਬੈਠਕਾਂ ਹੋ ਜਾਣ ਪਰ ਅਮਰਿੰਦਰ ਕਰਨਗੇ ਉਹੀ, ਜੋ ਉਹ ਚਾਹੁਣਗੇ। ਕਾਂਗਰਸ ਦਾ ਅੰਦਰੂਨੀ ਮੌਜੂਦਾ ਮਾਹੌਲ ਅਜਿਹਾ ਹੈ ਕਿ ਕਾਂਗਰਸ ਆਲਾਕਮਾਨ ਬੇਹੱਦ ਕਮਜ਼ੋਰ ਹੋ ਚੁੱਕੀ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਪੰਜਾਬ 'ਚ ਬੇਹੱਦ ਮਜ਼ਬੂਤ ਦਿਖਾਈ ਪੈਂਦੇ ਹਨ। ਅਜਿਹੇ 'ਚ ਹਾਈਕਮਾਨ ਕੈਪਟਨ ’ਤੇ ਦਬਾਅ ਬਣਾ ਕੇ ਸਿੱਧੂ ਨੂੰ ਮੰਤਰੀ ਜਾਂ ਉਪ ਮੁੱਖ ਮੰਤਰੀ ਨਹੀਂ ਬਣਵਾ ਸਕਦੀ। ਉਂਝ ਸਿੱਧੂ ਇਕੱਲੇ ਅਜਿਹੇ ਨੇਤਾ ਨਹੀਂ ਹਨ, ਜੋ ਰਾਹੁਲ ਖੇਮੇ 'ਚ ਗਿਣੇ ਜਾਂਦੇ ਹੋਣ ਅਤੇ ਜਿਨ੍ਹਾਂ ਦਾ ਅਜਿਹਾ ਹਾਲ ਪਾਰਟੀ 'ਚ ਹੋਇਆ ਹੋਵੇ। ਪ੍ਰਤਾਪ ਸਿੰਘ ਬਾਜਵਾ ’ਤੇ ਵੀ ਰਾਹੁਲ ਦਾ ਹੀ ਹੱਥ ਰਿਹਾ ਹੈ, ਜਿਨ੍ਹਾਂ ਨੂੰ ਰਾਹੁਲ ਨੇ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ ਸੀ। ਇਸ ਦੇ ਬਾਵਜੂਦ ਅਮਰਿੰਦਰ ਨੇ ਉਨ੍ਹਾਂ ਦੇ ਪੈਰ ਪੰਜਾਬ 'ਚ ਜੰਮਣ ਨਹੀਂ ਦਿੱਤੇ। ਇੱਥੇ ਤੱਕ ਕਿ ਬਾਜਵਾ ਦਾ ਲੋਕ ਸਭਾ ਹਲਕਾ ਤੱਕ ਉਨ੍ਹਾਂ ਤੋਂ ਖੋਹ ਲਿਆ। ਬਾਜਵਾ ਨੂੰ ਰਾਹੁਲ ਬੇਸ਼ੱਕ ਰਾਜ ਸਭਾ ਮੈਂਬਰ ਬਣਾ ਕੇ ਦਿੱਲੀ ਲੈ ਗਏ ਹੋਣ, ਪਰ ਉਹ ਸੂਬੇ ਦੀ ਸਿਆਸਤ 'ਚ ਹੁਣ ਕਿਤੇ ਨਜ਼ਰ ਨਹੀਂ ਆਉਂਦੇ।

ਇਹ ਵੀ ਪੜ੍ਹੋ : ਜੇਲ੍ਹ ਅੰਦਰ ਡਿੱਗ ਰਹੀ ਡਾਇੰਗਾਂ ਦੀ ਸਵਾਹ ਕੈਦੀਆਂ ਦੀ ਸਿਹਤ 'ਤੇ ਕਰ ਰਹੀ ਮਾਰ
ਗੇਂਦ ਫਿਰ ਕੈਪਟਨ ਦੇ ਪਾਲੇ 'ਚ ਹੀ
ਸਿੱਧੂ ਵੀ ਹੁਣ ਤੱਕ ਇਸ ਇੰਤਜ਼ਾਰ 'ਚ ਸਨ ਕਿ ਰਾਹੁਲ ਉਨ੍ਹਾਂ ਦੀ ਪੰਜਾਬ ਸਰਕਾਰ 'ਚ ਸਨਮਾਨਜਨਕ ਵਾਪਸੀ ਕਰਾਉਣਗੇ, ਪਰ ਉਨ੍ਹਾਂ ਨੂੰ ਇਹ ਗੱਲ ਉਦੋਂ ਸਮਝ ਜਾਣੀ ਚਾਹੀਦੀ ਸੀ ਜਦੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਪਿਛਲੇ ਸਾਲ 10 ਜੂਨ ਨੂੰ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜਿਆ ਸੀ ਅਤੇ 16 ਜੁਲਾਈ ਨੂੰ ਜਨਤਕ ਕੀਤਾ ਸੀ ਕਿ ਉਹ ਪਿਛਲੇ ਮਹੀਨੇ ਹੀ ਤਿਆਗ ਪੱਤਰ ਭੇਜ ਚੁੱਕੇ ਹਨ। ਸਵਾ ਮਹੀਨੇ 'ਚ ਵੀ ਰਾਹੁਲ, ਅਮਰਿੰਦਰ ਤੋਂ ਸਿੱਧੂ ਦੇ ਮਾਮਲੇ 'ਚ ਆਪਣੀ ਗੱਲ ਨਹੀਂ ਮਨਵਾ ਸਕੇ ਸਨ। ਅਜਿਹੇ 'ਚ ਸਿੱਧੂ ਲਈ 2022 ਤੱਕ ਦਾ ਇੰਤਜ਼ਾਰ ਕਰਨਾ ਵੀ ਮੁਸ਼ਕਿਲ ਹੋ ਗਿਆ, ਕਿਉਂਕਿ ਇਸ ਦੀ ਕੋਈ ਗਾਰੰਟੀ ਨਹੀਂ ਕਿ ਉਦੋਂ ਵੀ ਰਾਹੁਲ ਉਨ੍ਹਾਂ ਲਈ ਸੀ. ਐੱਮ. ਦੀ ਕੁਰਸੀ ਜੁਟਾ ਸਕਣਗੇ, ਜਿਸ ’ਤੇ ਅਰਸੇ ਤੋਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹੀ ਕਾਰਣ ਰਿਹਾ ਕਿ ਪ੍ਰਦੇਸ਼ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੌਰੇ ਦੌਰਾਨ ਸਿੱਧੂ ਦੇ ਕਸੀਦੇ ਘੜਨੇ ਸ਼ੁਰੂ ਕੀਤੇ ਅਤੇ ਦੋਵੇਂ ਨੇਤਾਵਾਂ ਨੂੰ ਮਿਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਸਿੱਧੂ ਵੀ ਤੁਰੰਤ ਰਾਜ਼ੀ ਹੋ ਗਏ। ਕੈਪਟਨ-ਸਿੱਧੂ ਮੁਲਾਕਾਤ ਦੇ ਅਗਲੇ ਹੀ ਦਿਨ ਮੁੱਖ ਮੰਤਰੀ ਦਫ਼ਤਰ ਤੋਂ ਪ੍ਰੈੱਸ ਬਿਆਨ ਜਾਰੀ ਹੋਇਆ ਸੀ, ਉਸ 'ਚ ਉਨ੍ਹਾਂ ਦੇ ਹਵਾਲੇ ਨਾਲ ਸਪੱਸ਼ਟ ਲਿਖਿਆ ਗਿਆ ਸੀ ਕਿ ਉਨ੍ਹਾਂ ਨੇ ਸਿੱਧੂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਬਾਰੇ ਦਿਲਚਸਪੀ ਜ਼ਾਹਿਰ ਕਰਨ ਤੋਂ ਬਾਅਦ ਲੰਚ ’ਤੇ ਉਨ੍ਹਾਂ ਨੂੰ ਬੁਲਾਇਆ ਸੀ। ਅਜਿਹੇ 'ਚ ਗੇਂਦ ਇਕ ਵਾਰ ਫਿਰ ਕੈਪਟਨ ਦੇ ਪਾਲੇ 'ਚ ਹੀ ਹੈ। ਉਹ ਇਸ ਸਾਲ ਸਿੱਧੂ ਨੂੰ ਮੰਤਰੀ ਬਣਾਉਂਦੇ ਹਨ ਜਾਂ ਅਗਲੇ ਸਾਲ, ਇਸ ਦੀ ਖ਼ਬਰ ਸਿਰਫ਼ ਉਨ੍ਹਾਂ ਨੂੰ ਹੈ। ਇੰਨਾਂ ਤੈਅ ਹੈ ਕਿ ਜਦੋਂ ਵੀ ਸਿੱਧੂ ਦੀ ਵਾਪਸੀ ਹੋਵੇਗੀ, ਉਨ੍ਹਾਂ ਦੇ ਸੁਰ ਅਤੇ ਅੰਦਾਜ਼ ਹੁਣ ਬਦਲੇ ਨਜ਼ਰ ਆਉਣਗੇ। ਉਹ ਪਹਿਲਾਂ ਦੀ ਤਰ੍ਹਾਂ ਅਮਰਿੰਦਰ ਦੇ ਪ੍ਰਤੀ ਹਮਲਾਵਰ ਰੁਖ਼ ਤੋਂ ਸ਼ਾਇਦ ਗੁਰੇਜ਼ ਹੀ ਕਰਨਗੇ।

 

 


author

Babita

Content Editor

Related News