ਭਾਜਪਾ ਹਰ ਧਰਮ ਨਾਲ ਖੜ੍ਹੀ, ਰਵਿਦਾਸ ਮੰਦਰ ਮਾਮਲੇ ਲਈ ਗਠਿਤ ਕੀਤੀ ਟੀਮ : ਸ਼ਵੇਤ ਮਲਿਕ

Monday, Aug 19, 2019 - 01:39 PM (IST)

ਭਾਜਪਾ ਹਰ ਧਰਮ ਨਾਲ ਖੜ੍ਹੀ, ਰਵਿਦਾਸ ਮੰਦਰ ਮਾਮਲੇ ਲਈ ਗਠਿਤ ਕੀਤੀ ਟੀਮ : ਸ਼ਵੇਤ ਮਲਿਕ

ਚੰਡੀਗੜ੍ਹ (ਸ਼ਰਮਾ) : ਸੂਬਾ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਭਾਜਪਾ ਹਰ ਧਰਮ ਦੀਆਂ ਭਾਵਨਾਵਾਂ ਨਾਲ ਖੜ੍ਹੀ ਹੈ। ਭਾਜਪਾ ਨੇ ਹਮੇਸ਼ਾ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਆਦਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪ੍ਰਧਾਨਗੀ 'ਚ ਟੀਮ ਗਠਿਤ ਕੀਤੀ ਹੈ। ਇਸ ਟੀਮ 'ਚ ਉਨ੍ਹਾਂ ਨਾਲ ਮੋਹਿੰਦਰ ਭਗਤ, ਰਾਜੇਸ਼ ਬਾਘਾ ਅਤੇ ਡਾ. ਦਿਲਬਾਗ ਰਾਏ ਸ਼ਾਮਲ ਹਨ।
ਮਲਿਕ ਨੇ ਕਿਹਾ ਕਿ ਭਾਜਪਾ ਵਲੋਂ ਗਠਿਤ ਇਹ ਟੀਮ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲੀ ਅਤੇ ਇਸ ਮਾਮਲੇ ਦਾ ਹੱਲ ਕਰਨ ਲਈ ਬੇਨਤੀ ਕੀਤੀ। ਮਲਿਕ ਅਨੁਸਾਰ ਹਰਦੀਪ ਪੁਰੀ ਨੇ ਵਫ਼ਦ ਨੂੰ ਮੰਦਰ ਮਾਮਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਮਲਿਕ ਨੇ ਕਿਹਾ ਕਿ ਭਾਜਪਾ ਸਭ ਦਾ ਸਾਥ, ਸਭ ਦਾ ਵਿਕਾਸ ਦੇ ਏਜੰਡੇ 'ਤੇ ਕੰਮ ਕਰਦੀ ਹੋਈ ਹਰ ਵਰਗ ਨੂੰ ਸਮਾਜ 'ਚ ਉਚਿਤ ਸਥਾਨ ਦਿਵਾਉਣ ਲਈ ਤਾਇਨਾਤ ਹੈ। ਜੇਕਰ ਦੇਸ਼ ਦੇ ਕਿਸੇ ਵੀ ਧਰਮ 'ਤੇ ਅਜਿਹਾ ਕੋਈ ਸੰਕਟ ਆਉਂਦਾ ਹੈ ਜਾਂ ਕਿਸੇ ਵੀ ਧਰਮ ਦੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਭਾਜਪਾ ਹਰ ਵਕਤ ਉਨ੍ਹਾਂ ਦੇ ਨਾਲ ਖੜ੍ਹੀ ਹੋਵੇਗੀ। ਇਸ ਮੌਕੇ ਰਾਜੇਸ਼ ਬਾਘਾ ਨੇ ਦੋਸ਼ ਲਾਇਆ ਕਿ ਕਾਂਗਰਸ ਮਾਮਲੇ 'ਚ ਰਾਜਨੀਤੀ ਕਰ ਰਹੀ ਹੈ ਅਤੇ ਇਸ ਨੇ ਅਕਾਲੀ-ਭਾਜਪਾ ਵਲੋਂ ਮਨਜ਼ੂਰ ਖੁਰਾਲਗੜ੍ਹ ਪ੍ਰੋਜੈਕਟ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਹੈ।

ਮਲਿਕ ਨੇ ਦਾਅਵਾ ਕੀਤਾ ਕਿ ਰਾਜ 'ਚ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਉਤਸ਼ਾਹਜਨਕ ਰਿਸਪਾਂਸ ਮਿਲ ਰਿਹਾ ਹੈ। ਪ੍ਰਦੇਸ਼ ਪਾਰਟੀ ਇਕਾਈ ਨੂੰ 2 ਲੱਖ ਨਵੇਂ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ, ਜਦੋਂ ਕਿ ਹੁਣ ਤੱਕ 4.87 ਲੱਖ ਨਵੇਂ ਮੈਂਬਰ ਪਾਰਟੀ ਦੇ ਨਾਲ ਜੁੜ ਚੁੱਕੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਮਲਿਕ ਨੇ ਕਿਹਾ ਕਿ ਇਸ ਸਬੰਧੀ ਸਮਾਂ ਆਉਣ 'ਤੇ ਪਾਰਟੀ ਹਾਈਕਮਾਨ ਹੀ ਅੰਤਮ ਫੈਸਲਾ ਲਵੇਗੀ ਅਤੇ ਪਾਰਟੀ ਦੀ ਕਿਸੇ ਵੀ ਰਾਜ ਦੀ ਇਕਾਈ ਹਾਈਕਮਾਨ ਦੇ ਫੈਸਲੇ ਦੇ ਸਮਾਨ ਕੰਮ ਕਰਦੀ ਹੈ।
 


author

Anuradha

Content Editor

Related News