ਚੰਗੀ ਖ਼ਬਰ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੱਸ ਸਟੈਂਡ-17 ਲਈ ਸ਼ੁਰੂ ਹੋਵੇਗੀ 'ਸ਼ਟਲ ਬੱਸ ਸਰਵਿਸ'

Sunday, Feb 06, 2022 - 10:51 AM (IST)

ਚੰਗੀ ਖ਼ਬਰ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੱਸ ਸਟੈਂਡ-17 ਲਈ ਸ਼ੁਰੂ ਹੋਵੇਗੀ 'ਸ਼ਟਲ ਬੱਸ ਸਰਵਿਸ'

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਛੇਤੀ ਹੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਈ. ਐੱਸ. ਬੀ. ਟੀ.-17 ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਰੂਟ ਵੀ ਫਾਈਨਲ ਕਰ ਲਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਏਅਰਪੋਰਟ ਤੋਂ ਸ਼ਟਲ ਬੱਸ ਸਰਵਿਸ ਸ਼ੁਰੂ ਕਰਨ ਦੀ ਮੰਗ ਚੱਲ ਰਹੀ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਹੀ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਸ਼ਟਲ ਸਰਵਿਸ ਵਿਚ ਬੱਸ ਸੋਹਾਣਾ ਅਤੇ ਆਈ. ਐੱਸ. ਬੀ. ਟੀ.-43 ਵਿਚ ਵੀ ਰੁਕੇਗੀ। ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਟਲ ਬੱਸ ਸਰਵਿਸ ਸ਼ੁਰੂ ਕਰਨ ਲਈ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ। ਛੇਤੀ ਹੀ ਇਹ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਆਈ. ਐੱਸ. ਬੀ. ਟੀ.-17 ਤੋਂ ਬੱਸ ਸਰਵਿਸ ਸਵੇਰੇ 4.20 ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਏਅਰਪੋਰਟ ਤੋਂ ਸਵੇਰੇ 5.20 ਵਜੇ ਤੋਂ ਪਹਿਲੀ ਬੱਸ ਨਿਕਲੇਗੀ। ਏਅਰਪੋਰਟ ਤੋਂ ਅੱਧੀ ਰਾਤ 12.55 ’ਤੇ ਆਖ਼ਰੀ ਬੱਸ ਨਿਕਲੇਗੀ। ਸੀ. ਟੀ. ਯੂ. ਨੇ ਬੱਸਾਂ ਦੀ ਸਾਰੀ ਟਾਈਮਿੰਗ ਫਲਾਈਟਾਂ ਦੇ ਆਉਣ ਅਤੇ ਜਾਣ ਦੇ ਸਮੇਂ ਦੇ ਹਿਸਾਬ ਨਾਲ ਹੀ ਨਿਰਧਾਰਿਤ ਕੀਤੀ ਹੈ ਤਾਂ ਜੋ ਏਅਰਪੋਰਟ ਲਈ ਜਾਣ ਅਤੇ ਉੱਥੋਂ ਆਉਣ ਲਈ ਲੋਕਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ। ਕਿਸੇ ਵੀ ਸਟਾਪ ਲਈ ਇਕ ਕਿਰਾਇਆ 100 ਰੁਪਏ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ CM ਚਿਹਰੇ ਦਾ ਐਲਾਨ ਅੱਜ, ਲੁਧਿਆਣਾ 'ਚ ਵਰਚੁਅਲ ਰੈਲੀ ਕਰਨਗੇ ਰਾਹੁਲ ਗਾਂਧੀ
ਸੀ. ਟੀ. ਯੂ. ਸਰਵਿਸ ਕਾਊਂਟਰ ਕੀਤਾ ਸਥਾਪਿਤ
ਪ੍ਰਸ਼ਾਸਨ ਨੇ ਇੰਟਰਨੈਸ਼ਨਲ ਏਅਰਪੋਰਟ ’ਤੇ ਸੀ. ਟੀ. ਯੂ. ਸਰਵਿਸ ਕਾਊਂਟਰ ਸਥਾਪਿਤ ਕਰ ਦਿੱਤਾ ਹੈ, ਜੋ ਲੋਕਾਂ ਨੂੰ ਸ਼ਟਲ ਬੱਸ ਸਰਵਿਸ ਸਬੰਧੀ ਜਾਗਰੂਕ ਕਰੇਗਾ। ਨਾਲ ਹੀ ਕਾਊਂਟਰ ਤੋਂ ਯਾਤਰੀਆਂ ਨੂੰ ਸੀ. ਟੀ. ਯੂ. ਦੇ ਹੋਰ ਲੰਬੇ ਰੂਟਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਕਾਊਂਟਰ ਵੱਲੋਂ ਮੁਸਾਫ਼ਰਾਂ ਨੂੰ ਲੰਬੇ ਰੂਟ ਦੀਆਂ ਬੱਸਾਂ ਲਈ ਐਡਵਾਂਸ ਵਿਚ ਬੁਕਿੰਗ ਦੀ ਸਹੂਲਤ ਵੀ ਦਿੱਤੀ ਜਾਵੇਗੀ। ਵਿਭਾਗ ਨੇ ਏਅਰਪੋਰਟ ’ਤੇ ਪੈਸੰਜਰ ਇਨਫਾਰਮੇਸ਼ਨ ਬੋਰਡ ਵੀ ਲਾ ਦਿੱਤੇ ਹਨ, ਜਿਸ ਨਾਲ ਮੁਸਾਫ਼ਰਾਂ ਨੂੰ ਬੱਸਾਂ ਦੇ ਆਉਣ ਅਤੇ ਜਾਣ ਸਬੰਧੀ ਜਾਣਕਾਰੀ ਮਿਲਦੀ ਰਹੇਗੀ। ਸੀ. ਟੀ. ਯੂ. ਨੇ ਏਅਰਪੋਰਟ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਸਸਤੀ ਟ੍ਰੈਵਲ ਸਹੂਲਤ ਦੇਣ ਲਈ ਹੀ ਇਹ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : ਟ੍ਰਾਈਸਿਟੀ ਦੇ ਲੋਕਾਂ ਲਈ ਚੰਗੀ ਖ਼ਬਰ, ਸਮਰ ਸ਼ਡਿਊਲ 'ਚ ਮਿਲ ਸਕਦੀਆਂ ਨੇ 2 ਅੰਤਰਰਾਸ਼ਟਰੀ ਫਲਾਈਟਾਂ
ਇਲੈਕਟ੍ਰਿਕ ਬੱਸਾਂ ਆਉਣ ਤੋਂ ਬਾਅਦ ਹੀ ਸ਼ਟਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ
ਦੱਸਣਯੋਗ ਹੈ ਕਿ ਕਿ ਸੀ. ਟੀ. ਯੂ. ਦੇ ਬੇੜੇ ਵਿਚ ਇਲੈਕਟ੍ਰਿਕ ਬੱਸਾਂ ਸ਼ਾਮਲ ਹੋਣ ਤੋਂ ਬਾਅਦ ਵਿਭਾਗ ਕੋਲ ਹੁਣ ਕੁੱਝ ਵਾਧੂ ਬੱਸਾਂ ਹਨ। ਬਾਕੀ ਬਚੀਆਂ ਬੱਸਾਂ ਨੂੰ ਹੀ ਹੁਣ ਇਸ ਰੂਟ ’ਤੇ ਵਿਭਾਗ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਵਿਭਾਗ ਕੋਲ 40 ਇਲੈਕਟ੍ਰਿਕ ਬੱਸਾਂ ਪਹੁੰਚ ਗਈਆਂ ਹਨ, ਜਦੋਂ ਕਿ 40 ਹੋਰ ਬੱਸਾਂ ਲਈ ਵਿਭਾਗ ਕੰਪਨੀ ਹਾਇਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਵਿਚੋਂ ਕੁੱਝ ਬੱਸਾਂ ਨੂੰ ਵਿਭਾਗ ਨੇ ਐਕਸਪ੍ਰੈੱਸ ਰੂਟ ’ਤੇ ਵੀ ਉਤਾਰਿਆ ਹੈ, ਜਿੱਥੇ ਹਰ 10 ਮਿੰਟ ਤੋਂ ਜ਼ਿਆਦਾ ਸਮਾਂ ਲੋਕਾਂ ਨੂੰ ਬੱਸ ਲਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਹੈ। ਸੈਕਟਰ-43 ਤੋਂ ਪੀ. ਜੀ. ਆਈ. ਅਤੇ ਆਈ. ਐੱਸ. ਬੀ. ਟੀ.-17 ਲਈ ਵੀ ਇਹ ਰੂਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਸੀਮਿਤ ਸਟਾਪ ’ਤੇ ਹੀ ਬੱਸਾਂ ਰੁਕਦੀਆਂ ਹਨ।

ਇਹ ਵੀ ਪੜ੍ਹੋ : ਫਰਜ਼ੀ ਯਾਰਨ ਬ੍ਰੋਕਰ ਬਣ ਕੇ ਬੋਗਸ ਬਿਲਿੰਗ ਜ਼ਰੀਏ ਕਰ ਰਹੇ ਲੱਖਾਂ ਦੀ GST ਦੀ ਚੋਰੀ
ਇਹ ਰਹੇਗੀ ਬੱਸ ਦੀ ਟਾਈਮਿੰਗ
ਆਈ. ਐੱਸ. ਬੀ. ਟੀ.-17 ਤੋਂ ਬੱਸ ਸਰਵਿਸ ਸਵੇਰੇ 4.20 ਤੋਂ ਸ਼ੁਰੂ ਹੋਵੇਗੀ।
ਏਅਰਪੋਰਟ ਤੋਂ ਸਵੇਰੇ 5.20 ਵਜੇ ਪਹਿਲੀ ਬੱਸ ਨਿਕਲੇਗੀ। ਏਅਰਪੋਰਟ ਤੋਂ ਅੱਧੀ ਰਾਤ 12.55 ’ਤੇ ਆਖ਼ਰੀ ਬੱਸ ਨਿਕਲੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News