ਗੁਰੂ ਨਾਨਕ ਦੇਵ ਜੀ ਦੇ ਨਾਂ ''ਤੇ ਖੇਤੀ ਯੂਨੀਵਰਸਿਟੀ ਬਣਾਉਣ ਦਾ ਐਲਾਨ
Wednesday, May 22, 2019 - 12:54 PM (IST)

ਚੰਡੀਗੜ੍ਹ (ਭੁੱਲਰ) : ਸ੍ਰੀ ਗੁਰੂ ਨਾਨਕ ਦੇਵ ਇੰਟਰ ਰਿਲੀਜੀਅਸ ਫਾਊਂਡੇਸ਼ਨ ਨੇ ਪੰਜਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਚਰਨ ਸਿੰਘ ਨੇ ਯੂਨਾਈਟਿਡਿ ਸਿੱਖ ਮੂਵਮੈਂਟ ਦੇ ਆਗੂਆਂ ਡਾ. ਭਗਵਾਨ ਸਿੰਘ, ਗੁਰਨਾਮ ਸਿੰਘ ਸਿੱਧੂ ਅਤੇ ਕਰਨਲ ਰਿਟਾ. ਚੰਦ ਸਿੰਘ ਦੀ ਮੌਜੂਦਗੀ 'ਚ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਕੰਮ ਲਈ ਸਮੂਹ ਸਿੱਖ ਸੰਸਥਾਵਾਂ ਅਤੇ ਸੰਗਠਨਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਨਕਾਣਾ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਦਿਵਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੱਕ ਵੀ ਪਹੁੰਚ ਕੀਤੀ ਜਾਵੇਗੀ।
ਫਾਊਂਡੇਸ਼ਨ ਵਲੋਂ ਮੀਟਿੰਗ ਦੌਰਾਨ ਗੁਰੂ ਨਾਨਕ ਦੇਵ ਖੇਤੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਪਾਸ ਕੀਤੇ ਗਏ ਮਤੇ ਤੋਂ ਇਲਾਵਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ 4ਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਹੈ। ਪੰਜਾਂ ਤਖ਼ਤਾਂ ਦੇ ਜਥੇਦਾਰਾਂ ਐੱਸ. ਜੀ. ਪੀ. ਸੀ. ਚੀਫ਼ ਖਾਲਸਾ ਦੀਵਾਨ ਤੇ ਦੁਨੀਆਭਰ ਦੀਆਂ ਸਿੰਘ ਸਭਾਵਾਂ ਤੇ ਸਿੱਖ ਸੰਸਥਾਵਾਂ ਨੂੰ ਪਾਕਿਸਤਾਨ 'ਚ ਸਥਿਤ ਨਨਕਾਣਾ ਸਾਹਿਬ ਨੂੰ ਵੈਟੀਕਨ ਸਿਟੀ ਸਟੇਟ ਦਾ ਮਾਣ ਦਿਵਾਉਣ ਲਈ ਮਿਲ ਕੇ ਯਤਨ ਕਰਨ ਦੀ ਅਪੀਲ ਵੀ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸਫ਼ਲਤਾ ਲਈ ਵੀ ਸਭ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ।