ਬੋਰਡ ਪ੍ਰੀਖਿਆਵਾਂ ''ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤਾ ਝਟਕਾ

02/22/2018 2:22:12 AM

ਅੰਮ੍ਰਿਤਸਰ,  (ਦਲਜੀਤ)-  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸ਼ੁਰੂ ਹੋਣ ਜਾ ਰਹੀਆਂ ਪ੍ਰੀਖਿਆਵਾਂ 'ਚ ਪ੍ਰਾਈਵੇਟ ਸਕੂਲਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹੈ। ਸਕੱਤਰ ਨੇ ਸਕੂਲਾਂ ਦੀ ਕਿਸੇ ਵੀ ਗੱਲ ਨੂੰ ਨਹੀਂ ਮੰਨਿਆ ਸਗੋਂ ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਸਕੂਲਾਂ 'ਚ ਬਣਦੇ ਆ ਰਹੇ ਕੇਂਦਰਾਂ ਦੀ ਸੰਖਿਆ ਘੱਟ ਕਰ ਦਿੱਤੀ ਹੈ। ਸਕੱਤਰ ਦੇ ਇਸ ਫੈਸਲੇ ਨਾਲ ਪ੍ਰਾਈਵੇਟ ਸਕੂਲਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਤਿਆਰੀ 'ਚ ਹਨ।
ਵਰਣਨਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਲਈ ਨਿੱਜੀ ਸਕੂਲਾਂ ਵਿਚ ਇਕ ਵੀ ਪ੍ਰੀਖਿਆ ਕੇਂਦਰ ਨਾ ਬਣਾਉਣ ਦੀ ਨੀਤੀ ਬਣਾਈ ਸੀ। ਨਿੱਜੀ ਸਕੂਲ ਸੰਚਾਲਕ ਰਾਸਾ ਦੀ ਅਗਵਾਈ ਵਿਚ ਇਕਜੁਟ ਹੋ ਗਏ ਸਨ। ਜ਼ਿਲੇ 'ਚ ਰਾਸਾ ਮੈਂਬਰਾਂ ਨੇ ਪ੍ਰਦੇਸ਼ ਉਪ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਵਿਚ ਲਾਰੈਂਸ ਰੋਡ ਚੌਕ 'ਚ ਪੁਤਲਾ ਫੂਕਿਆ ਸੀ ਅਤੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਵਿਧਾਇਕ ਓ. ਪੀ. ਸੋਨੀ ਨੇ ਰਾਸਾ ਦੇ ਮੈਂਬਰਾਂ ਨਾਲ ਸੀ. ਐੱਮ. ਹਾਊਸ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲਬਾਤ ਵੀ ਕਰਵਾਈ ਸੀ। ਰਾਸਾ ਮੈਂਬਰਾਂ ਨੇ ਉਦੋਂ ਦੱਸਿਆ ਸੀ ਕਿ ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ। ਪਿਛਲੇ ਦਿਨੀਂ ਜਾਰੀ ਹੋਈ ਪ੍ਰੀਖਿਆ ਕੇਂਦਰਾਂ ਦੀ ਸੂਚੀ ਵਿਚ ਨਿੱਜੀ ਸਕੂਲਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕੁਝ ਨਿੱਜੀ ਸਕੂਲ ਵਿਚ ਹੀ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਕੇਂਦਰ ਬਣਾਉਣ ਦੀ ਪਾਲਿਸੀ ਵਿਚ ਆਪਣੇ-ਆਪ ਨੂੰ ਪੱਛੜਿਆ ਹੋਇਆ ਪਾਏ ਜਾਣ ਕਾਰਨ ਨਿੱਜੀ ਸਕੂਲਾਂ ਦੀ ਸੰਸਥਾ ਰਾਸਾ ਦੇ ਮੈਂਬਰ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।


Related News