ਤੇਜ਼ ਹਨ੍ਹੇਰੀ ਚੱਲਣ ਨਾਲ ਬਿਜਲੀ ਸਰਕਟ, ਘਰ ਦਾ ਸਮਾਨ ਸੜ ਕੇ ਸੁਆਹ

04/22/2017 3:48:58 PM

ਬਟਾਲਾ (ਬੇਰੀ) : ਸਥਾਨਕ ਗਾਂਧੀ ਕੈਂਪ ਵਾਰਡ ਨੰਬਰ-7 ਵਿਖੇ ਤੇਜ਼ ਹਨੇਰੀ ਚੱਲਣ ਨਾਲ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਇਕ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਦ ਕਿ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਰਾਣੀ ਪਤਨੀ ਸ਼ਿਵ ਤੰਤਰ ਕੁਮਾਰ ਵਾਸੀ ਗਾਂਧੀ ਕੈਂਪ ਵਾਰਡ ਨੰਬਰ-7 ਨੇ ਦੱਸਿਆ ਕਿ ਉਸ ਦਾ ਪਤੀ ਦਾਣਾ ਮੰਡੀ ''ਚ ਲੇਬਰ ਦਾ ਕੰਮ ਕਰਨ ਗਿਆ ਹੋਇਆ ਸੀ ਅਤੇ ਮੈਂ ਤੇ ਮੇਰੇ ਦੋ ਬੱਚੇ ਘਰ ਦੀ ਛੱਤ ''ਤੇ ਸੁੱਤੇ ਹੋਏ ਸੀ ਕਿ ਅਚਾਨਕ ਦੇਰ ਰਾਤ ਤੇਜ਼ ਹਨੇਰੀ ਚੱਲਣ ਨਾਲ ਬਿਜਲੀ ਦਾ ਸ਼ਾਟ-ਸਰਕਟ ਹੋ ਗਿਆ ਜਿਸ ਨਾਲ ਘਰ ਦੇ ਸਾਮਾਨ ਨੂੰ ਅੱਗ ਲੱਗ ਗਈ। ਰਾਜ ਰਾਣੀ ਨੇ ਅੱਗੇ ਦੱਸਿਆ ਕਿ ਉਸ ਦੇ ਰੌਲਾ ਪਾਉਂਦੇ ਹੀ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਭਾਰੀ ਜੱਦੋ-ਜਹਿਦ ਨਾਲ ਬਿਜਲੀ ਬੰਦ ਕਰਕੇ ਅੱਗ ''ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰ ਦਾ ਸਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਸੀ। ਉਕਤ ਔਰਤ ਨੇ ਦੱਸਿਆ ਕਿ ਅੱਗ ਲੱਗਣ ਨਾਲ ਟੀ.ਵੀ, ਡੀ. ਵੀ. ਡੀ, ਛੱਤ ਵਾਲਾ ਪੱਖਾ, ਫਰਿੱਜ ਅਤੇ ਅਲਮਾਰੀ ਵਿਚ ਪਏ ਕੱਪੜਿਆਂ ਸਮੇਤ 6 ਹਜ਼ਾਰ ਨਕਦੀ ਵੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਸੜੇ ਹੋਏ ਸਮਾਨ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
 

Babita Marhas

News Editor

Related News