ਨਾਜਾਇਜ਼ ਕਬਜ਼ੇ ਹਟਾਉਣ ਦੇ ਮਾਮਲੇ ''ਤੇ ਭੜਕੇ ਦੁਕਾਨਦਾਰ

Friday, Nov 24, 2017 - 01:30 AM (IST)

ਨਾਜਾਇਜ਼ ਕਬਜ਼ੇ ਹਟਾਉਣ ਦੇ ਮਾਮਲੇ ''ਤੇ ਭੜਕੇ ਦੁਕਾਨਦਾਰ

ਮੋਗਾ,  (ਪਵਨ ਗਰੋਵਰ, ਆਜ਼ਾਦ, ਗੋਪੀ ਰਾਊਕੇ)-  ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਮੇਂ ਥਾਣਾ ਸਿਟੀ-2 ਦੇ ਮੁੱਖ ਅਫ਼ਸਰ ਵੱਲੋਂ ਦੁਕਾਨਦਾਰਾਂ ਨਾਲ ਕੀਤੇ ਗਏ ਕਥਿਤ ਬੁਰੇ ਵਰਤਾਓ ਦੇ ਮਾਮਲੇ 'ਤੇ ਦੁਕਾਨਦਾਰਾਂ ਦਾ ਗੁੱਸਾ ਭੜਕ ਗਿਆ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਬੀਤੇ ਕੱਲ ਥਾਣਾ ਮੁਖੀ ਲਵਦੀਪ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਰਾਕੇਸ਼ ਕੁਮਾਰ ਦੀ ਦੁਕਾਨ ਅੱਗੇ ਟੰਗੇ ਫੁੱਟਬਾਲ, ਹਾਕੀ ਅਤੇ ਵਾਲੀਬਾਲ ਕਥਿਤ ਧੱਕਾ-ਮੁੱਕੀ ਨਾਲ ਚੁੱਕ ਕੇ ਲੈ ਗਏ। ਇੱਥੇ ਹੀ ਬੱਸ ਨਹੀਂ, ਦੁਕਾਨਦਾਰ ਦਾ ਇਹ ਵੀ ਦੋਸ਼ ਹੈ ਕਿ ਥਾਣਾ ਮੁਖੀ ਨੇ ਸਾਮਾਨ ਚੁੱਕਣ ਵੇਲੇ ਉਸ ਨਾਲ ਗਲਤ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ। 
ਅੱਜ ਦੁਕਾਨਦਾਰ ਦੇ ਹੱਕ 'ਚ ਸਿੱਧੇ ਤੌਰ 'ਤੇ ਨਿੱਤਰਦਿਆਂ ਮੇਨ ਬਾਜ਼ਾਰ ਸ਼ਾਪ ਕੀਪਰ ਐਸੋਸੀਏਸ਼ਨ ਅਤੇ ਐਂਟੀ-ਕੁਰੱਪਸ਼ਨ ਅਵੇਰਨੈੱਸ ਆਰਗੇਨਾਈਜ਼ੇਸ਼ਨ ਨੇ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇ। ਇਸ ਮੌਕੇ ਦੁਕਾਨ ਮਾਲਕ ਰਾਕੇਸ਼ ਕੁਮਾਰ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਜੇਕਰ 3 ਦਿਨਾਂ ਤੱਕ ਬਣਦੀ ਕਾਰਵਾਈ ਨਾ ਹੋਈ ਤਾਂ ਮਜਬੂਰੀਵੱਸ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ। ਸਚਦੇਵਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਚਮੁੱਚ ਹੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਹੈ ਤਾਂ ਸ਼ਹਿਰ 'ਚ ਗਲਤ ਖੜ੍ਹੀਆਂ ਗੱਡੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ, ਜਦਕਿ ਹਮੇਸ਼ਾ ਹੀ ਦੁਕਾਨਾਂ ਅੱਗੇ ਪਏ ਸਾਮਾਨ ਨੂੰ ਚੁੱਕਣ ਤੋਂ ਇਲਾਵਾ ਦੋਪਹੀਆ ਵਾਹਨ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਨੇ ਵਫਦ ਨੂੰ ਮਾਮਲੇ ਦੀ ਪੜਤਾਲ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਸਮੇਂ ਸੋਹਣਾ ਮੋਗਾ ਸੁਸਾਇਟੀ, ਲੋਕ ਸੇਵਾ ਕਲੱਬ ਰਜਿਸਟਰਡ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।


Related News