ਫਰੂਟ ਦੀਆਂ ਰੇਹਡ਼ੀਆਂ ਲਗਾਉਣ ਵਾਲੇ 2 ਦੁਕਾਨਦਾਰਾਂ ’ਚ ਘੱਟ ਤੋਲ ਕਾਰਨ ਝਗਡ਼ਾ, 1 ਜ਼ਖਮੀ
Thursday, Jun 21, 2018 - 01:01 AM (IST)

ਬਟਾਲਾ, (ਬੇਰੀ)- ਸਥਾਨਕ ਲੀਕ ਵਾਲਾ ਤਲਾਬ ’ਤੇ ਫਰੂਟ ਦੀਆਂ ਰੇਹਡ਼ੀਆਂ ਲਾਉਣ ਵਾਲੇ 2 ਦੁਕਾਨਦਾਰਾਂ ’ਚ ਘੱਟ ਤੋਲ ਨੂੰ ਲੈ ਕੇ ਹੋਏ ਝਗਡ਼ੇ ’ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸੰਬੰਧੀ ਵਿਨੋਦ ਪੁੱਤਰ ਸੁਭਾਸ਼ ਕੁਮਾਰ ਵਾਸੀ ਭੰਡਾਰੀ ਮੁਹੱਲਾ ਨੇ ਦੱਸਿਆ ਕਿ ਮੇਰੇ ਪਿਤਾ ਲੀਕ ਵਾਲਾ ਤਲਾਬ ’ਤੇ ਫਰੂਟ ਦੀ ਰੇਹਡ਼ੀ ਲਗਾਉਣ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਕੋਲੋਂ ਅੱਜ ਕਿਸੇ ਗ੍ਰਾਹਕ ਨੇ ਤਿੰਨ ਕਿਲੋ ਫਰੂਟ ਖਰੀਦਿਆ ਅਤੇ ਸਾਡੇ ਗੁਆਂਢ ’ਚ ਹੀ ਫਰੂਟ ਦੀ ਰੇਹਡ਼ੀ ਲਗਾਉਂਦੇ ਧੀਰਜ ਕੁਮਾਰ ਰਿੰਕਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੋਲਾ ਨੰਗਲ ਨੇ ਉਕਤ ਗ੍ਰਾਹਕ ਨੂੰ ਆਪਣੇ ਕੋਲ ਬੁਲਾ ਕੇ ਉਸਦੇ ਫਰੂਟ ਦੀ ਤੁਲਣਾ ਕੀਤੀ ਅਤੇ ਮੇਰੇ ਪਿਤਾ ਨੂੰ ਕਹਿਣ ਲੱਗਾ ਕਿ ਇਹ ਫਰੂਟ ਘੱਟ ਹੈ।
ਵਿਨੋਦ ਕੁਮਾਰ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ ਨੇ ਗ੍ਰਾਹਕ ਦੇ ਫਰੂਟ ਨੂੰ ਪੂਰਾ ਦੱਸਿਆ ਤਾਂ ਧੀਰਜ ਕੁਮਾਰ ਰਿੰਕਾ ਨੇ ਆਪਣੇ ਸਾਥੀਆਂ ਸਮੇਤ ਉਸਦੇ ਪਿਤਾ ਨਾਲ ਝਗਡ਼ਾ ਸ਼ੁਰੂ ਕਰ ਦਿੰਤਾ ਅਤੇ ਦਾਤਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਉਪਰੰਤ ਗੁਆਂਢੀ ਦੁਕਾਨਦਾਰਾਂ ਵੱਲੋਂ ਸੁਭਾਸ਼ ਕੁਮਾਰ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ।
®ਉਧਰ ਦੂਸਰੇ ਪਾਸੇ, ਧੀਰਜ ਕੁਮਾਰ ਰਿੰਕਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੋਲਾ ਨੰਗਲ ਨੇ ਦੱਸਿਆ ਸਾਡੇ ਗੁਆਂਢ ’ਚ ਸੁਭਾਸ਼ ਕੁਮਾਰ ਅਕਸਰ ਗ੍ਰਾਹਕਾਂ ਨੂੰ ਫਰੂਟ ਘੱਟ ਤੋਲ ਕੇ ਦਿੰਦਾ ਹੈ। ਅੱਜ ਜਦੋਂ ਸੁਭਾਸ਼ ਕੋਲੋਂ ਇਕ ਗ੍ਰਾਹਕ ਫਰੂਟ ਖਰੀਦਣ ਲਈ ਆਇਆ ਅਤੇ ਗ੍ਰਾਹਕ ਨੇ ਜਦੋਂ ਫਰੂਟ ਖਰੀਦ ਲਿਆ ਤਾਂ ਅਸੀਂ ਸੁਭਾਸ਼ ਦੇ ਕੋਲੋਂ ਤੋਲ ਕੀਤਾ ਫਰੂਟ ਆਪਣੇ ਕੰਡੇ ’ਤੇ ਚੈੱਕ ਕੀਤਾ ਤਾਂ ਉਸ ਵਿਚੋਂ ਕੁੱਝ ਫਰੂਟ ਘੱਟ ਪਾਇਆ ਗਿਆ। ਧੀਰਜ ਕੁਮਾਰ ਰਿੰਕਾਂ ਨੇ ਅੱਗੇ ਦੱਸਿਆ ਕਿ ਜਦੋਂ ਸੁਭਾਸ਼ ਕੁਮਾਰ ਨੂੰ ਅਸੀਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਡੇ ਨਾਲ ਝਗਡ਼ਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸੁਭਾਸ਼ ਕੁਮਾਰ ਨੂੰ ਨਾ ਤਾਂ ਕੋਈ ਦਾਤਰ ਅਤੇ ਨਾ ਹੀ ਕੋਈ ਲੋਹੇ ਦੀ ਰਾਡ ਮਾਰੀ ਹੈ ਜੋ ਇਹ ਇਲਜਾਮ ਉਨ੍ਹਾਂ ’ਤੇ ਲਗਾਏ ਗਏ ਹਨ ਉਹ ਸਰਾਸਰ ਝੂਠੇ ਤੇ ਬੇਬੁਨਿਆਦ ਹਨ। ਧੀਰਜ ਕੁਮਾਰ ਰਿੰਕਾਂ ਨੇ ਕਿਹਾ ਕਿ ਬਟਾਲਾ ਰੇਹਡ਼ੀ ਯੂਨੀਅਨ ਦੇੇ ਪ੍ਰਧਾਨ ਭਾਰਤ ਸ਼ਰਮਾ ਬੱਬੂ ਨੇ ਸੁਭਾਸ਼ ਕੁਮਾਰ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ ਕਿ ਉਹ ਸਾਮਾਨ ਵੇਚਣ ’ਚ ਹੇਰਾ-ਫੇਰੀ ਨਾ ਕਰਨ ਪਰ ਅੱਜ ਫਿਰ ਸੁਭਾਸ਼ ਨੇ ਇਹ ਹਰਕਤ ਕੀਤੀ ਹੈ ਜਿਸਦੇ ਵਿਰੁੱਧ ਅਸੀਂ ਸਥਾਨਕ ਬੱਸ ਸਟੈਂਡ ਚੌਕੀ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ।