ਸੀਵਰੇਜ ਦੇ ਕੰਮ ਦੀ ਮੱਠੀ ਚਾਲ ਕਾਰਨ ਦੁਕਾਨਦਾਰ ਪ੍ਰੇਸ਼ਾਨ
Friday, Oct 06, 2017 - 01:19 AM (IST)

ਜੈਤੋ, (ਵੀਰਪਾਲ, ਗੁਰਮੀਤ)- ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਚੱਲ ਰਹੇ ਸੀਵਰੇਜ ਦੇ ਕੰਮ ਦੀ ਮੱਠੀ ਚਾਲ ਨੇ ਜਿਥੇ ਦੁਕਾਨਦਾਰਾਂ ਦਾ ਕੰਮ ਠੱਪ ਕਰ ਕੇ ਰੱਖ ਦਿੱਤਾ ਹੈ, ਉਥੇ ਹੁਣ ਲੱਗ ਰਿਹਾ ਹੈ ਕਿ ਦੀਵਾਲੀ ਸਮੇਂ ਵੀ ਦੁਕਾਨਦਾਰਾਂ ਨੂੰ ਘਰਾਂ ਵਿਚ ਬੈਠਣ ਲਈ ਮਜਬੂਰ ਹੋਣਾ ਪਾਵੇਗਾ। ਸੀਵਰੇਜ ਦੇ ਕੰਮ ਦੀ ਮੱਠੀ ਚਾਲ ਕਾਰਨ ਸਿਵਲ ਹਸਪਤਾਲ ਤੋਂ ਰੇਲਵੇ ਫ਼ਾਟਕ ਤੱਕ ਦੁਕਾਨਦਾਰੀ ਬਿਲਕੁਲ ਬੰਦ ਦੇ ਬਰਾਬਰ ਹੈ ਤੇ ਬਹੁਤੇ ਦੁਕਾਨਦਾਰ ਤਾਂ ਕਈ-ਕਈ ਦਿਨ ਦੁਕਾਨ 'ਤੇ ਬੋਹਣੀ ਤੱਕ ਨਹੀਂ ਕਰਦੇ।
ਸੀਵਰੇਜ ਦੇ ਕੰਮ ਕਾਰਨ ਪਿਛਲੇ 6 ਮਹੀਨਿਆਂ ਤੋਂ ਰੇਲਵੇ ਫ਼ਾਟਕ ਤੋਂ ਬੱਸ ਅੱਡੇ ਤੱਕ ਜਾਣ ਲਈ ਲੋਕਾਂ ਨੂੰ ਭੀੜੇ ਬਾਜ਼ਾਰਾਂ ਵਿਚੋਂ ਲੰਘਣਾ ਪੈਂਦਾ ਹੈ। ਸਕੂਲੀ ਬੱਚਿਆਂ ਦੀਆਂ ਵੈਨਾਂ ਨੂੰ ਤਾਂ 30-30 ਮਿੰਟ ਲਾਈਨਾਂ ਵਿਚ ਖੜ੍ਹਨਾ ਪੈਂਦਾ ਹੈ। ਆਉਣ ਵਾਲੇ ਦਿਨਾਂ ਵਿਚ ਝੋਨਾ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਨਾਜ ਮੰਡੀ ਤੱਕ ਪਹੁੰਚਣ ਲਈ ਭੀੜੇ ਬਾਜ਼ਾਰਾਂ ਵਿਚੋਂ ਲੰਘਣਾ ਪਵੇਗਾ ਜਾਂ ਫਿਰ ਦੂਜੇ ਪਾਸੇ ਦੀ 5-5 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪਵੇਗਾ ਪਰ ਠੇਕੇਦਾਰਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਸੀਵਰੇਜ ਦਾ ਕੰਮ ਕਦੇ ਤੇਲ ਕਾਰਨ, ਕਦੇ ਪੁਰਾਣੇ ਸੀਵਰੇਜ ਦੇ ਪਾਣੀ ਕਾਰਨ ਜ਼ਿਆਦਾਤਰ ਬੰਦ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਤੇਲ ਦੀ ਘਾਟ ਕਰਨ ਅਕਸਰ ਰੇਤਾ ਦੀ ਭਰੀ ਟਰੈਕਟਰ-ਟਰਾਲੀ ਰਸਤੇ ਵਿਚ ਰੁਕ ਜਾਂਦੀ ਹੈ ਤੇ ਦਿਨ ਵਿਚ 4-5 ਘੰਟੇ ਕੰਮ ਚੱਲਦਾ ਹੈ। ਪੁਰਾਣੇ ਸੀਵਰੇਜ ਦੇ ਲੀਕ ਹੋਣ ਕਾਰਨ ਪੂਰਾ ਦਿਨ ਕੰਮ ਨਹੀਂ ਚੱਲਦਾ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੱਲ ਰਹੇ ਸੀਵਰੇਜ ਦੇ ਕੰਮ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇ ਕੇ ਉਸ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਦਾ ਕੰਮ ਮੁੜ ਰਾਹ 'ਤੇ ਆ ਸਕੇ।