ਨਕਾਬਪੋਸ਼ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਲੁੱਟਣ ਦਾ ਦੁਕਾਨਦਾਰ ਨੇ ਕੀਤਾ ਸੀ ਡਰਾਮਾ, ਜਾਂਚ ’ਚ ਸੱਚਾਈ ਆਈ ਸਾਹਮਣੇ
Thursday, Jul 13, 2023 - 09:53 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਅੱਜ ਸਵੇਰੇ ਅੱਡਾ ਸਰਾਂ ਵਿਖੇ ਵੈਸਟਰਨ ਯੂਨੀਅਨ ਦੀ ਦੁਕਾਨ ਕਰਨ ਵਾਲੇ ਵਿਅਕਤੀ ਵੱਲੋਂ ਟਾਂਡਾ ਪੁਲਸ ਨੂੰ ਉਸ ਨਾਲ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਲੁਟੇਰਿਆਂ ਵੱਲੋਂ ਕੁੱਟਮਾਰ ਕਰਦੇ ਹੋਏ 4 ਲੱਖ 30 ਹਜ਼ਾਰ ਰੁਪਏ ਲੁੱਟ ਲੈਣ ਬਾਰੇ ਸ਼ਿਕਾਇਤ ਦਿੱਤੀ ਗਈ ਸੀ, ਜੋ ਸ਼ਾਮ ਹੁੰਦੇ ਡਰਾਮਾ ਨਿਕਲੀ। ਇਸ ਦਾ ਕਬੂਲਨਾਮਾ ਖੁਦ ਸ਼ਿਕਾਇਤਕਰਤਾ ਦੁਕਾਨਦਾਰ ਨੇ ਪੁਲਸ ਜਾਂਚ ਦੌਰਾਨ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਲੁੱਟ ਦੀ ਵੱਡੀ ਵਾਰਦਾਤ ਦੀ ਗੱਲ ਸਾਹਮਣੇ ਆਉਣ ’ਤੇ ਪੁਲਸ ਨੂੰ ਭਾਜੜਾਂ ਜ਼ਰੂਰ ਪੈ ਗਈਆਂ ਸਨ ਪਰ ਅੱਡਾ ਸਰਾਂ ਚੌਕੀ ਇੰਚਾਰਜ ਰਾਜੇਸ਼ ਕੁਮਾਰ ਦੀ ਸੂਝਬੂਝ ਨਾਲ ਇਹ ਸੱਚਾਈ ਸਾਹਮਣੇ ਆਈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ, ਕਪੂਰਥਲਾ ਦੀ ਮਾਡਰਨ ਜੇਲ੍ਹ ’ਚ ਗੈਂਗਵਾਰ, ਪੜ੍ਹੋ Top 10
ਅੱਜ ਸਵੇਰੇ ਕੰਧਾਲਾ ਜੱਟਾਂ ਵਾਸੀ ਦੁਕਾਨਦਾਰ ਜਗਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੰਧਾਲਾ ਜੱਟਾਂ (ਸਾਹਮਣੇ ਢੱਟਾ ਮੋੜ ਪੈਟਰੋਲ ਪੰਪ) ਨੇ ਪੁਲਸ ਨੂੰ ਦੱਸਿਆ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਦੇ ਹੱਥਾਂ ਵਿਚ ਲੱਕੜ ਦੇ ਸੋਟੇ ਅਤੇ ਦਾਤਰ ਸੀ। ਲੁਟੇਰੇ ਜਗਜੀਤ ਨਾਲ ਕੁੱਟਮਾਰ ਕਰਦੇ ਹੋਏ ਉਸ ਕੋਲੋਂ ਬੈਗ ਖੋਹ ਕੇ ਢੱਟਾ ਵੱਲ ਨੂੰ ਫਰਾਰ ਹੋ ਗਏ, ਜਿਸ ’ਚ ਲੱਗਭਗ 4 ਲੱਖ 30 ਹਜ਼ਾਰ ਰੁਪਏ ਸਨ।
ਇਹ ਖ਼ਬਰ ਵੀ ਪੜ੍ਹੋ : ਪਾਵਰਕਾਮ ’ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਇਸ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜਦੋਂ ਚੌਕੀ ਇੰਚਾਰਜ ਨੇ ਤਫ਼ਤੀਸ਼ ਨੂੰ ਅੱਗੇ ਵਧਾਇਆ ਤਾਂ ਸ਼ਾਮ ਹੁੰਦੇ-ਹੁੰਦੇ ਜਗਜੀਤ ਸਿੰਘ ਨੇ ਖ਼ੁਦ ਆਪਣੀ ਗ਼ਲਤੀ ਮੰਨਦੇ ਹੋਏ ਲੁੱਟ ਹੋਣ ਤੋਂ ਇਨਕਾਰ ਕਰ ਦਿੱਤਾ। ਚੌਕੀ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਗਜੀਤ ਨੇ ਮੰਨਿਆ ਹੈ ਕਿ ਇਹ ਨਿੱਜੀ ਝਗੜੇ ਸੰਬੰਧੀ ਲੜਾਈ-ਝਗੜੇ ਦਾ ਮਾਮਲਾ ਸੀ ਪਰ ਉਸ ਨੇ ਕਿਸੇ ਦੇ ਬਹਿਕਾਵੇ ’ਚ ਆ ਕੇ ਕੇਸ ਨੂੰ ਮਜ਼ਬੂਤ ਬਣਾਉਣ ਲਈ ਇਹ ਝੂਠ ਬੋਲਿਆ ਸੀ।