ਨਕਲੀ ਸ਼ਰਟਾਂ ਵੇਚਦਾ ਦੁਕਾਨਦਾਰ ਗ੍ਰਿਫ਼ਤਾਰ
Friday, Nov 25, 2022 - 02:50 PM (IST)
ਖਰੜ (ਰਣਬੀਰ) : ਇੱਥੋਂ ਦੀ ਸਿਵਲ ਹਸਪਤਾਲ ਰੋਡ ’ਤੇ ਇਕ ਰੈਡੀਮੇਡ ਗਾਰਮੈਂਟ ਦੀ ਦੁਕਾਨ ’ਤੇ ਛਾਪੇਮਾਰੀ ਕਰਦਿਆਂ ਸਿਟੀ ਪੁਲਸ ਨੇ ਅਜੀਤ ਨਾਂ ਦੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਨਕਲੀ ਸ਼ਰਟਾਂ ਬਰਾਮਦ ਕੀਤੀਆਂ ਹਨ। ਮਹਾਰਾਸ਼ਟਰ ਮੁੰਬਈ ਦੇ ਰਹਿਣ ਵਾਲੇ ਅਨੂਪ ਸੰਭਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਇਲਿਥੀਆ ਐਂਡ ਜੈਕਬ ਨਾਂ ਦੀ ਕੰਪਨੀ ਦੇ ਮੁੰਬਈ ਸਥਿਤ ਦਫ਼ਤਰ ਵਿਖੇ ਰੀਜਨਲ ਮੈਨੇਜਰ ਹੈ।
ਉਨ੍ਹਾਂ ਦੀ ਕੰਪਨੀ ਨੂੰ ਕੈਟਰਪਿਲਰ ਆਈ. ਐੱਨ. ਸੀ. (ਕੈਟ) ਨਾਂ ਦੀ ਕੰਪਨੀ ਦੇ ਨਕਲੀ ਕੱਪੜੇ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਸਿਵਲ ਹਸਪਤਾਲ ਰੋਡ ’ਤੇ ਸਥਿਤ ਉਕਤ ਦੁਕਾਨ ’ਤੇ ਕੰਪਨੀ ਨਾਲ ਸਬੰਧਿਤ ਨਕਲੀ ਗਾਰਮੈਂਟਸ ਵੇਚੇ ਜਾ ਰਹੇ ਹਨ। ਪੁਲਸ ਵਲੋਂ ਇਸ ਦੁਕਾਨ ’ਤੇ ਰੇਡ ਕੀਤੀ ਗਈ ਤਾਂ ਉਥੋਂ 80 ਨਕਲੀ ਸ਼ਰਟਾਂ ਬਰਾਮਦ ਕਰ ਕੇ ਦੁਕਾਨਦਾਰ ਖ਼ਿਲਾਫ਼ ਕਾਪੀ ਰਾਈਟ ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।