ਨੌਜਵਾਨ ਨੂੰ ਨਸ਼ੇ ਦੀ ਲਤ ਲਾਉਣ ਦੇ ਦੋਸ਼ ''ਚ ਐੱਸ. ਐੱਚ. ਓ. ਸਰਬਜੀਤ ਮੁਅੱਤਲ

07/01/2018 6:05:14 AM

ਸੁਲਤਾਨਪੁਰ ਲੋਧੀ, (ਧੀਰ)- ਸਾਬਕਾ ਮੰਤਰੀ ਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ 'ਤੇ  ਨਸ਼ਿਆਂ ਦੇ ਲਾਏ ਦੋਸ਼ਾਂ ਤੋਂ ਬਾਅਦ ਆਖਰ ਸਰਕਾਰ ਨੇ ਕਾਰਵਾਈ ਕਰਦਿਆਂ ਐੱਸ. ਐੱਚ. ਓ. ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਗੌਰਤਲਬ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਐੱਸ. ਐੱਚ. ਓ. ਸਰਬਜੀਤ ਸਿੰਘ 'ਤੇ ਕਥਿਤ ਤੌਰ 'ਤੇ ਇਹ ਦੋਸ਼ ਲਾਏ ਸਨ ਕਿ ਇਕ ਨੌਜਵਾਨ ਨੂੰ ਇਨ੍ਹਾਂ ਨੇ ਨਸ਼ੇ ਦੀ ਲਤ ਲਾਈ ਹੋਈ ਸੀ, ਜਿਸ ਦੇ ਬਾਰੇ 'ਚ ਉਨ੍ਹਾਂ ਨੇ ਸ਼ਿਕਾਇਤ ਤੋਂ ਬਾਅਦ ਉੱਚ ਅਧਿਕਾਰੀਆਂ ਤੋਂ ਇਸ ਦੀ ਜਾਂਚ ਦੀ ਗੁਹਾਰ ਲਾਈ ਸੀ ਪਰ 15 ਮਹੀਨਿਆਂ ਤੋਂ ਬਾਅਦ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਅਤੇ ਐੱਸ. ਐੱਚ. ਓ. 'ਤੇ ਕੋਈ ਕਾਰ*ਵਾਈ ਨਾ ਹੋਣ 'ਤੇ ਇਹ ਮਾਮਲਾ ਮੀਡੀਆ 'ਚ ਉਜਾਗਰ ਕੀਤਾ ਗਿਆ ਸੀ। ਜਿਸ 'ਤੇ ਕੈਪਟਨ ਸਰਕਾਰ ਨੇ ਕਾਰਵਾਈ ਕਰਦਿਆਂ ਐੱਸ. ਐੱਚ. ਓ. ਸਰਬਜੀਤ ਨੂੰ ਮੁਅੱਤਲ ਕਰ ਕੇ ਨਵੇਂ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤੜ ਨੂੰ ਥਾਣਾ ਸੁਲਤਾਨਪੁਰ ਲੋਧੀ ਦਾ ਨਵਾਂ ਐੱਸ. ਐੱਚ. ਓ. ਲਾ ਦਿੱਤਾ ਹੈ।
ਨਵੇਂ ਥਾਣਾ ਮੁਖੀ ਸੁਰਜੀਤ ਸਿੰਘ ਪੱਤੜ ਨੇ ਅੱਜ ਬਤੌਰ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਦਾ ਚਾਰਜ ਸੰਭਾਲ ਲਿਆ ਹੈ। ਆਪਣੀ ਇਸ ਨਵੀਂ ਨਿਯੁਕਤੀ 'ਤੇ ਗੱਲਬਾਤ ਕਰਦਿਆਂ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤੜ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੈਨੂੰ ਇਸ ਪਵਿੱਤਰ ਨਗਰੀ 'ਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ। ਨਸ਼ਿਆਂ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਲੜਾਈ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਿਆਂ ਦੇ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਮਾਮਲੇ 'ਚ ਪੁਲਸ ਨੂੰ ਪੂਰਾ ਸਹਿਯੋਗ ਦੇਣ।


Related News