ਵੀਡੀਓ ਫੁਟੇਜ ਤੇ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ''ਚ ਹੋਟਲ ਦੀਆਂ ਗਤੀਵਿਧੀਆਂ ਸ਼ੱਕ ਦੇ ਘੇਰੇ ''ਚ

05/09/2018 6:47:46 PM

ਜਲੰਧਰ (ਰਵਿੰਦਰ)— ਇਕ ਪਾਸੇ ਜਿੱਥੇ ਸ਼ਹਿਰ ਦੇ ਪ੍ਰਮੁੱਖ ਹੋਟਲ 'ਚ ਬੈਠ ਕੇ ਕਾਂਗਰਸੀ ਆਗੂ ਲਾਡੀ ਸ਼ੇਰੋਵਾਲੀਆ ਖਿਲਾਫ ਕੇਸ ਦਰਜ ਕਰਨ ਦੇ ਮਾਮਲੇ ਵਿਚ ਇੰਸਪੈਕਟਰ ਪਰਮਿੰਦਰ ਬਾਜਵਾ ਚਰਚਾ ਵਿਚ ਹੈ ਅਤੇ ਨਾਲ ਹੀ ਇਹ ਵੀ ਚਰਚਾ ਜ਼ੋਰ ਫੜ ਰਹੀ ਹੈ ਕਿ ਆਖਿਰ ਇਕ ਪ੍ਰਮੁੱਖ ਹੋਟਲ ਦੇ ਅੰਦਰ ਇੰਸਪੈਕਟਰ ਬਾਜਵਾ ਦੀ ਵੀਡੀਓ ਫੁਟੇਜ ਅਤੇ ਦਸਤਾਵੇਜ਼ ਕਿਵੇਂ ਲੀਕ ਹੋ ਗਏ। ਨਿਯਮਾਂ ਮੁਤਾਬਕ ਕਿਸੇ ਦੀ ਪਰਸਨਲ ਲਾਈਫ ਨੂੰ ਕੋਈ ਵੀ ਹੋਟਲ ਲੀਕ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਵੀਡੀਓ ਫੁਟੇਜ ਅਤੇ ਹੋਟਲ 'ਚ ਜਮ੍ਹਾ ਕਰਵਾਏ ਗਏ ਦਸਤਾਵੇਜ਼ ਦੀ ਕਾਪੀ ਲੀਕ ਹੋਈ ਹੈ, ਉਸ ਨਾਲ ਕਈ ਸਵਾਲ ਖੜ੍ਹੇ ਹੋਣ ਲੱਗੇ ਹਨ। 
ਸਰਕਾਰ ਨੂੰ ਫਾਇਦਾ ਪਹੁੰਚਾਉਣ ਲਈ ਵੀਡੀਓ ਫੁਟੇਜ ਕੀਤੇ ਗਏ ਲੀਕ
ਸਮਝਿਆ ਜਾ ਰਿਹਾ ਹੈ ਕਿ ਕਿਸੇ ਖਾਸ ਮਕਸਦ ਨਾਲ ਕਿਸੇ ਖਾਸ ਵਿਅਕਤੀ ਨੇ ਸਰਕਾਰ ਨੂੰ ਫਾਇਦਾ ਪਹੁੰਚਾਉਣ ਲਈ ਹੋਟਲ ਦੀ ਵੀਡੀਓ ਫੁਟੇਜ ਅਤੇ ਦਸਤਾਵੇਜ਼ ਲੀਕ ਕੀਤੇ ਹਨ। ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਇੰਸਪੈਕਟਰ ਬਾਜਵਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ, ਜਿਸ 'ਚ ਹੋਟਲ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਅਦਾਲਤ ਪੂਰੇ ਮਾਮਲੇ ਵਿਚ ਸਖਤ ਨੋਟਿਸ ਲੈ ਸਕਦੀ ਹੈ। 
ਹੋਟਲ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਗਏ ਸਵਾਲ
ਜ਼ਿਕਰਯੋਗ ਹੈ ਕਿ 3 ਮਈ ਤੋਂ 5 ਮਈ ਸਵੇਰ ਤੱਕ ਇੰਸਪੈਕਟਰ ਬਾਜਵਾ ਸ਼ਹਿਰ ਦੇ ਇਕ ਪ੍ਰਮੁੱਖ ਹੋਟਲ ਵਿਚ ਰੁਕੇ ਸਨ। ਇਸ ਦੌਰਾਨ ਇਕ ਚੈਨਲ ਨੇ ਖੁਲਾਸਾ ਕੀਤਾ ਸੀ ਕਿ ਇੰਸਪੈਕਟਰ ਦੇ ਹੋਟਲ ਵਿਚ ਸਟੇਅ ਦੌਰਾਨ ਉਨ੍ਹਾਂ ਦੇ ਨਾਲ ਇਕ ਔਰਤ ਵੀ ਸੀ ਅਤੇ ਇੰਸਪੈਕਟਰ ਨੇ ਹੋਟਲ ਵਿਚ ਰਹਿ ਕੇ ਹੀ ਸ਼ੇਰੋਵਾਲੀਆ ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। 
ਹੈਰਾਨੀ ਵਾਲੀ ਗੱਲ ਹੈ ਕਿ ਇੰਟਰਨੈਸ਼ਨਲ ਚੇਨ ਵਾਲੇ ਪ੍ਰਮੁੱਖ ਹੋਟਲ ਤੋਂ ਸੀ. ਸੀ. ਟੀ. ਵੀ. ਫੁਟੇਜ, ਹੋਟਲ ਦਾ ਬਿੱਲ ਤੇ ਇੰਸਪੈਕਟਰ ਦੀ ਮਹਿਲਾ ਮਿੱਤਰ ਦੀ ਆਈ. ਡੀ. ਪਰੂਫ ਦੇ ਤੌਰ 'ਤੇ ਪੇਸ਼ ਕੀਤੇ ਗਏ ਆਧਾਰ ਕਾਰਡ ਦੀ ਕਾਪੀ ਕਿਸ ਤਰ੍ਹਾਂ ਲੀਕ ਹੋਈ ਅਤੇ ਲੀਕੇਜ ਦੇ ਪਿੱਛੇ ਮਕਸਦ ਕੀ ਸੀ। ਇਸ ਨੂੰ ਹੋਟਲ ਦੇ ਬਿਜ਼ਨੈੱਸ ਐਥੀਕਸ, ਪ੍ਰੋਫੈਸ਼ਨਲਿਜ਼ਮ ਅਤੇ ਕਿਸੇ ਵੀ ਵਿਅਕਤੀ ਦੀ ਪ੍ਰਾਈਵੇਸੀ ਨੂੰ ਲੀਕ ਕਰਨਾ ਹੋਟਲ ਇੰਡਸਟਰੀ ਦੇ ਨਿਯਮਾਂ ਦੇ ਖਿਲਾਫ ਮੰਨਿਆ ਜਾ ਰਿਹਾ ਹੈ। ਹੋਟਲ ਇੰਡਸਟਰੀ ਦੇ ਜਾਣਕਾਰ ਅਤੇ ਹੋਟਲ ਵਿਚ ਠਹਿਰਣ ਵਾਲੇ ਲੋਕਾਂ ਵੱਲੋਂ ਇਸ ਸਬੰਧ ਵਿਚ ਹੋਟਲ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ ਜਾ ਰਹੇ ਹਨ।
ਹੋਟਲ ਅਧਿਕਾਰੀਆਂ ਨੇ ਫੁਟੇਜ ਨੂੰ ਲੀਕ ਕਰਨ ਤੋਂ ਕੀਤਾ ਮਨ੍ਹਾ
ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀ ਫੁਟੇਜ ਅਤੇ ਦਸਤਾਵੇਜ਼ ਸਿਰਫ ਜਾਂਚ ਏਜੰਸੀ ਜਾਂ ਪੁਲਸ ਨੂੰ ਹੀ ਦਿੱਤੇ ਜਾ ਸਕਦੇ ਹਨ ਪਰ ਆਈ. ਜੀ. ਨੌਨਿਹਾਲ ਸਿੰਘ ਦੇ ਬਿਆਨਾਂ ਤੋਂ ਸਾਫ ਹੈ ਕਿ ਪੁਲਸ ਨੂੰ ਇਸ ਦੀ ਜਾਣਕਾਰੀ ਨਿੱਜੀ ਚੈਨਲ ਵਲੋਂ ਚਲਾਈ ਗਈ ਕਲਿਪਿੰਗ ਤੋਂ ਬਾਅਦ ਹੀ ਮਿਲੀ। ਹੋਟਲ ਦੇ ਅਧਿਕਾਰੀ ਖੁਦ ਮੰਨ ਰਹੇ ਹਨ ਕਿ ਉਨ੍ਹਾਂ ਇਸ ਫੁਟੇਜ ਨੂੰ ਲੀਕ ਨਹੀਂ ਕੀਤਾ। ਬਾਵਜੂਦ ਇਸ ਦੇ ਫੁਟੇਜ ਅਤੇ ਦਸਤਾਵੇਜ਼ ਬਾਹਰ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹੋਟਲ ਪ੍ਰਬੰਧਕਾਂ ਵੱਲੋਂ ਫੁਟੇਜ ਤੇ ਦਸਤਾਵੇਜ਼ ਨਹੀਂ ਦਿੱਤੇ ਗਏ ਤਾਂ ਸ਼ਹਿਰ ਦੇ ਪ੍ਰਮੁੱਖ ਹੋਟਲ ਤੋਂ ਕੀ ਸਭ ਕੁਝ ਚੋਰੀ ਹੋ ਸਕਦਾ ਹੈ ਅਤੇ ਆਉਣ ਵਾਲੇ ਗਾਹਕ ਵੀ ਕੀ ਸੁਰੱਖਿਅਤ ਨਹੀਂ ਹਨ।


Related News