ਨੌਜਵਾਨ ਵਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ''ਚ ਥਾਣਾ ਲੌਂਗੋਵਾਲ ਦਾ SHO ਮੁਅੱਤਲ

Sunday, Jun 20, 2021 - 02:13 AM (IST)

ਨੌਜਵਾਨ ਵਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ''ਚ ਥਾਣਾ ਲੌਂਗੋਵਾਲ ਦਾ SHO ਮੁਅੱਤਲ

ਲੌਂਗੋਵਾਲ(ਵਸ਼ਿਸ਼ਟ)- ਸਾਢੇ ਚਾਰ ਮਹੀਨੇ ਪਹਿਲਾਂ ਇਕ ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ਸਬੰਧੀ ਲੌਂਗੋਵਾਲ ਪੁਲਸ ਨੇ ਦੋ ਕੁੜੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਲੌਂਗੋਵਾਲ ਵੱਲੋਂ ਆਪਣੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਖ਼ੁਦਕੁਸ਼ੀ ਕਰਨ ਵਾਲੇ ਮੇਰੇ ਪੁੱਤਰ ਜਸਵੀਰ ਸਿੰਘ ਦੇ ਦੋ ਕੁੜੀਆਂ ਨਾਲ ਸਬੰਧ ਸਨ। ਇਨ੍ਹਾਂ ਕੁੜੀਆਂ ਵੱਲੋਂ ਆਪਣੀਆਂ ਮਾਵਾਂ ਨਾਲ ਮਿਲ ਕੇ ਮੇਰੇ ਪੁੱਤਰ ਜਸਬੀਰ ਸਿੰਘ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ । ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ’ਚ ਕਿਹਾ ਕਿ ਉਸਦੇ ਲੜਕੇ ਜਸਵੀਰ ਸਿੰਘ ਨੂੰ ਪਿੰਡ ਦੇ ਹੀ ਮੋਹਤਬਰ ਵਿਅਕਤੀਆਂ ਨੇ ਸਰਕਾਰੀ ਸਕੂਲ ਜਿੱਥੇ ਸਟੇਡੀਅਮ/ਟਰੈਕ ਬਣਨਾ ਹੈ ਉਥੇ ਨਿਗਰਾਨੀ ਰੱਖਣ ਲਈ ਚੌਕੀਦਾਰ ਰੱਖਣ ਦਾ ਭਰੋਸਾ ਦਿਵਾਇਆ ਸੀ ਅਤੇ ਮੇਰਾ ਲੜਕਾ 4-5 ਮਹੀਨਿਆਂ ਤੋਂ ਬਤੌਰ ਚੌਕੀਦਾਰ ਰਾਤ ਸਮੇਂ ਸਕੂਲ ’ਚ ਹੀ ਰਹਿੰਦਾ ਸੀ ਪਰ ਉਸਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ। ਤਨਖਾਹ ਨਾ ਦਿੱਤੇ ਜਾਣ ਅਤੇ ਬਲੈਕਮੇਲ ਕੀਤੇ ਜਾਣ ਕਾਰਨ ਮੇਰੇ ਲੜਕੇ ਨੇ ਪ੍ਰੇਸ਼ਾਨ ਹੋ ਕੇ 28 ਜਨਵਰੀ 2021 ਨੂੰ ਸਟੇਡੀਅਮ ’ਚ ਬਣੇ ਕਮਰੇ ’ਚ ਫਾਹਾ ਲੈ ਲਿਆ। ਮਰਨ ਸਮੇਂ ਜਸਵੀਰ ਸਿੰਘ ਨੇ ਲਵਪ੍ਰੀਤ ਨੂੰ ਆਪਣੇ ਮਰਨ ਬਾਰੇ ਦੱਸਿਆ ਸੀ। ਮਨਜੀਤ ਕੌਰ ਨੇ ਐੱਫ.ਆਈ.ਆਰ. ’ਚ ਬਿਆਨ ਲਿਖਵਾਇਆ ਹੈ ਕਿ ਮੇਰੇ ਲੜਕੇ ਨੂੰ ਨੌਕਰੀ ਦਾ ਭਰੋਸਾ ਦੇਣ ਵਾਲੇ ਵਿਅਕਤੀਆਂ ਨੇ ਮੇਰੇ ਲੜਕੇ ਦਾ ਸਸਕਾਰ ਬਿਨਾਂ ਪੋਸਟ ਮਾਰਟਮ ਤੋਂ ਕਰਵਾ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਕੈਬਨਿਟ ਵਲੋਂ ਲਏ ਗਏ ਫੈਸਲੇ ਨੂੰ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ

4 ਔਰਤਾਂ ਖ਼ਿਲਾਫ਼ ਕੇਸ ਦਰਜ
ਉਕਤ ਬਿਆਨਾਂ ਦੇ ਆਧਾਰ ’ਤੇ ਲੌਂਗੋਵਾਲ ਪੁਲਸ ਨੇ ਲਵਪ੍ਰੀਤ ਕੌਰ ਅਤੇ ਉਸਦੀ ਮਾਂ ਸਵਰਨਜੀਤ ਕੌਰ, ਜੋਤੀ ਕੌਰ ਅਤੇ ਉਸਦੀ ਮਾਂ ਕੁਲਦੀਪ ਕੌਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਹੈ। ਜਦਕਿ ਨੌਕਰੀ ਦਾ ਭਰੋਸਾ ਦੇਣ ਵਾਲੇ ਪਿੰਡ ਦੇ ਮੋਹਤਬਰਾਂ ਮੇਲਾ ਸਿੰਘ, ਕੁਲਦੀਪ ਸਿੰਘ, ਬਬਲਾ ਅਤੇ ਮਨਜੀਤ ਸ਼ਰਮਾ ਪ੍ਰਤੀ ਲਾਏ ਦੋਸ਼ਾਂ ਨੂੰ ਲੈ ਕੇ ਡੂੰਘੀ ਪੜਤਾਲ ਕੀਤੇ ਜਾਣਾ ਲਿਖਿਆ ਗਿਆ ਹੈ।

ਸਾਢੇ ਚਾਰ ਮਹੀਨਿਆਂ ਬਾਅਦ ਹੋਈ ਕਾਰਵਾਈ
ਜ਼ਿਕਰਯੋਗ ਹੈ ਕਿ ਸਾਢੇ ਚਾਰ ਮਹੀਨੇ ਪੁਰਾਣੇ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਲੰਬੇ ਸਮੇਂ ਤੋਂ ਕਾਰਵਾਈ ਦੀ ਮੰਗ ਕਰਦਾ ਆ ਰਿਹਾ ਸੀ ਪਰ ਪੁਲਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਪਰਿਵਾਰ ਦੀਆਂ ਔਰਤਾਂ ਵੱਲੋਂ ਪਿਛਲੇ ਦਿਨੀਂ ਜ਼ਿਲ੍ਹਾ ਪੁਲਸ ਮੁਖੀ ਦੇ ਦਫ਼ਤਰ ਅੱਗੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ’ਤੋਂ ਬਾਅਦ ਪੁਲਸ ਵੱਲੋਂ ਤੁਰੰਤ ਹਰਕਤ ’ਚ ਆ ਕੇ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ।

ਇਹ ਵੀ ਪੜ੍ਹੋ- ਮਹਾਨਗਰ ਦੇ ਕਾਰੋਬਾਰੀ ਧੜਲੇ ਨਾਲ ਕਰ ਰਹੇ ਹਨ GST ਪ੍ਰਬੰਧਾਂ ਦੀ ਉਲੰਘਣਾ

ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਐੱਸ.ਐੱਚ.ਓ. ਲੌਂਗੋਵਾਲ ਇੰਸਪੈਕਟਰ ਜਰਨੈਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜਿਸ ਦੀ ਪੁਸ਼ਟੀ ਡੀ. ਐੱਸ. ਪੀ. ਸੁਨਾਮ ਬਲਜਿੰਦਰ ਸਿੰਘ ਪੰਨੂ ਨੇ ਫੋਨ ’ਤੇ ਗੱਲਬਾਤ ਦੌਰਾਨ ਕੀਤੀ ਅਤੇ ਕਿਹਾ ਕਿ ਡਿਊਟੀ ਪ੍ਰਤੀ ਕੋਤਾਹੀ ਵਰਤਣ ਸਬੰਧੀ ਐੱਸ.ਐੱਚ.ਓ. ਨੂੰ ਜ਼ਿਲਾ ਪੁਲਸ ਮੁਖੀ ਵੱਲੋਂ ਮੁਅੱਤਲ ਕੀਤਾ ਗਿਆ ਹੈ। ਪਰਚਾ ਦਰਜ ਕਰਨ ਤੋਂ ਤੁਰੰਤ ਬਾਅਦ ਥਾਣਾ ਮੁਖੀ ਨੂੰ ਮੁਅੱਤਲ ਕਰਨ ਪਿੱਛੇ ਅਸਲ ਕੀ ਕਾਰਨ ਹਨ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਥਾਣਾ ਮੁਖੀ ਦੀ ਮੁਅੱਤਲੀ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਵੱਖ-ਵੱਖ ਕਿਆਸਅਰਾਈਆਂ ਲਾ ਰਹੇ ਹਨ।


author

Bharat Thapa

Content Editor

Related News