ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
Saturday, Nov 05, 2022 - 05:23 PM (IST)
ਜਲੰਧਰ (ਸੋਨੂੰ)— ਅੰਮ੍ਰਿਤਸਰ ’ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਵਿਰੋਧ ’ਚ ਸ਼ਿਵ ਸੈਨਿਕਾਂ ਦਾ ਗੁੱਸਾ ਫੁੱਟ ਗਿਆ ਹੈ। ਕਤਲ ਦੇ ਵਿਰੋਧ ’ਚ ਜਲੰਧਰ ’ਚ ਵੀ ਸ਼ਿਵ ਸੈਨਾ ਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਤਸਵੀਰਾਂ ਨੂੰ ਸਾੜਿਆ ਗਿਆ। ਹਿੰਦੂ ਸੰਗਠਨ ਦੇ ਨੇਤਾਵਾਂ ਵੱਲੋਂ ਬੀ. ਐੱਮ. ਸੀ. ਚੌਂਕ ’ਚ ਪ੍ਰਦਰਸ਼ਨ ਕੀਤਾ ਗਿਆ।
ਸ਼ਿਵ ਸੈਨਾ ਦੇ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦੀ ਕਾਰਗੁਜ਼ਾਰੀ ’ਤੇ ਅੱਜ ਉਨ੍ਹਾਂ ਦਾ ਗੁੱਸਾ ਫੁੱਟ ਗਿਆ ਹੈ ਅਤੇ ਉਨ੍ਹਾਂ ਦੇ ਹਿੰਦੂ ਨੇਤਾ ਸੁਧੀਰ ਸੂਰੀ ਪੁਲਸ ਦੀ ਮੌਜੂਦਗੀ ’ਚ ਕਤਲ ਕੀਤਾ ਗਿਆ ਹੈ, ਇਹ ਸਭ ਪੁਲਸ ਦੀ ਨਾਲਾਇਕੀ ਦਾ ਨਤੀਜਾ ਹੈ। ਇਸ ਮੌਕੇ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਗੋਪਾਲ ਨਗਰ ਨੇੜੇ ਮੰਦਿਰ ਬਾਹਰ ਹਿੰਦੂ ਦੇਵੀ ਦੇਵਤਾਵਾਂ ਦੀਆਂ ਤਸਵੀਰਾਂ ਸੁੱਟੀਆਂ ਹੋਈਆਂ ਸਨ ਅਤੇ ਸੁਧੀਰ ਸੂਰੀ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕਰਦਿਆਂ ਮੰਗ ਕਰ ਰਹੇ ਸਨ ਕਿ ਮੰਦਿਰ ਦੀ ਕਮੇਟੀ ਉਤੇ ਪਰਚਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ : ਰੋਪੜ ਵਿਖੇ ਦੁਕਾਨਾਂ ਬੰਦ ਕਰਵਾਉਣ ਆਏ ਪੁਲਸ ਨੇ ਸ਼ਿਵ ਸੈਨਿਕਾਂ ਨੂੰ ਕੀਤਾ ਰਾਊਂਡਅਪ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੂਰਤੀਆਂ ਨੂੰ ਸੁੱਟਿਆ ਗਿਆ ਸੀ, ਉਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚਦੀ ਹੈ। ਮੌਕੇ ’ਤੇ 20 ਪੁਲਸ ਕਰਮਚਾਰੀ, ਇਕ ਏ. ਸੀ. ਪੀ. ਅਤੇ 2 ਥਾਣਾ ਇੰਚਾਰਜ ਦੀ ਮੌਜੂਦਗੀ ’ਚ ਸ਼ੂਟਰ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਤਲ ਪੁਲਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਲਾਨਿੰਗ ਨਾਲ ਹੋਇਆ ਹੈ।
ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਖ਼ਾਲਿਸਤਾਨ ਦੀਆਂ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਪੁਲਸ ਦੇ ਹੱਥ ਕੁਝ ਨਹੀਂ ਹੈ। ਹਿੰਦੂ ਨੇਤਾ ਸੁਧੀਰ ਸੂਰੀ ਨੂੰ ਪੁਲਸ ਵਿਚਾਲੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਅਸੀਂ ਕਿੱਥੇ ਸੁਰੱਖਿਅਤ ਹਾਂ। ‘ਆਪ’ ਸਰਕਾਰ ਨੂੰ ਕੈਨੇਡਾ ਤੋਂ ਫੰਡਿੰਗ ਹੋ ਰਹੀ ਹੈ।
ਅੰਮ੍ਰਿਤਪਾਲ ਸਿੰਘ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ
ਉਥੇ ਹੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸ਼ਿਵ ਸੈਨਾ ਹਿੰਦੂ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਗਾਤਾਰ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਹੈ ਪਰ ਪੁਲਸ ਸੁੱਤੀ ਹੋਈ ਹੈ। ਜਿਸ ਸੰਦੀਪ ਸਿੰਘ ਨੇ ਸੁਧੀਰ ਸੂਰੀ ਦਾ ਕਤਲ ਕੀਤਾ ਹੈ, ਉਹ ਪਹਿਲਾਂ ਆਪਣੇ ਪਤਨੀ ਅਤੇ ਬੱਚਿਆਂ ਨਾਲ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਰਾਸ਼ਟਰ ਵਿਰੋਧੀ ਹੈ ਅਤੇ ਆਏ ਦਿਨ ਭੜਕਾਊ ਬਿਆਨ ਦਿੰਦਾ ਰਹਿੰਦਾ ਹੈ। ਉਨ੍ਹਾਂ ਜਲੰਧਰ ’ਚ ਐਲਾਨ ਕੀਤਾ ਕਿ ਜੋ ਵੀ ਅੰਮ੍ਰਿਤਪਾਲ ਦਾ ਮੂੰਹ ਕਾਲਾ ਕਰੇਗਾ। ਮੂੰਹ ਕਾਲਾ ਕਰਨ ਮਗਰੋਂ ਉਸ ਦੇ ਨਾਲ ਤਸਵੀਰ ਭੇਜੇਗਾ, ਉਸ ਨੂੰ ਸ਼ਿਵ ਸੈਨਾ ਹਿੰਦ 5 ਲੱਖ ਦਾ ਇਨਾਮ ਦੇਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਦੀ ਅੰਮ੍ਰਿਤਪਾਲ ਦੇਸ਼ ਵਿਰੋਧੀ ਏਜੰਸੀਆਂ ਦਾ ਏਜੰਟ ਹੈ, ਉਨ੍ਹਾਂ ਦੀ ਹੀ ਭਾਸ਼ਾ ਬੋਲ ਕੇ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ :ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।