ਐੱਸ. ਜੀ. ਪੀ. ਸੀ. ਨੇ ਤਿਆਰ ਕੀਤੀ ਨਵੀਂ ਸੂਚੀ, ਕਈ ਮੁਲਾਜ਼ਮਾਂ ''ਤੇ ਡਿੱਗੇਗੀ ਗਾਜ

03/12/2018 7:25:31 PM

ਸ੍ਰੀ ਆਨੰਦਪੁਰ ਸਾਹਿਬ : 523 ਮੁਲਾਜ਼ਮਾਂ ਦੀ ਛਾਂਟੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਕ ਅਜਿਹੀ ਸੂਚੀ ਤਿਆਰ ਕਰ ਰਹੀ ਹੈ, ਜਿਸ ਵਿਚ ਇਕ ਤੋਂ ਵੱਧ ਖੂਨ ਦੇ ਰਿਸ਼ਤੇ ਵਾਲੇ ਮੁਲਾਜ਼ਮਾਂ ਦੇ ਨਾਂ ਸ਼ਾਮਲ ਹਨ। ਕਮੇਟੀ ਦੇ ਬੀਤੇ ਕਾਰਜਕਾਲ ਦੌਰਾਨ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਭਰਤੀ ਕੀਤੇ ਗਏ 523 ਮੁਲਾਜ਼ਮਾਂ ਦੀ ਛਾਂਟੀ ਸੰਬੰਧੀ ਲਏ ਗਏ ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਬਾਅਦ ਹੁਣ ਅਗਲੀ ਸੂਚੀ ਤਿਆਰ ਹੈ, ਜਿਸ ਵਿਚ ਸੈਂਕੜੇ ਅਜਿਹੇ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਸਕਾ ਸੰਬੰਧੀ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵਿਚ ਤਾਇਨਾਤ ਹੈ।
ਇਸ ਸੂਚੀ ਵਿਚ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਦਰਜਨਾਂ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ 'ਚ ਕੰਮ ਕਰਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ, ਹੈੱਡਗ੍ਰੰਥੀ ਸਾਹਿਬਾਨ, ਮੈਨੇਜਰਾਂ ਦੇ ਜਾਂ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰ, ਧੜਾਧੜ ਕੀਤੀਆਂ ਗਈਆਂ ਤਰੱਕੀਆਂ ਵਾਲੇ ਸੈਂਕੜੇ ਮੁਲਾਜ਼ਮਾਂ ਦੇ ਨਾਂ ਸ਼ਾਮਲ ਹਨ। ਇਸ ਸੂਚੀ ਸੰਬੰਧੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਕਿਸੇ ਵੀ ਕਮੇਟੀ ਮੈਂਬਰ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਰਘੂਵੀਰ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਬੰਧੀ ਕੋਈ ਵੀ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਅੰਤ੍ਰਿੰਗ ਕੇਮਟੀ ਕੋਲ ਹੈ। ਜਿਉਂ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੋਵੇਗੀ, ਉਸ ਤੋਂ ਬਾਅਦ ਨਵੀਂ ਸੂਚੀ 'ਤੇ ਅਮਲ ਸ਼ੁਰੂ ਹੋ ਜਾਵੇਗਾ। ਨਾਲ ਹੀ ਵਿਰਕ ਨੇ ਕਿਹਾ ਕਿ 523 ਮੁਲਾਜ਼ਮਾਂ ਦੀ ਛਾਂਟੀ ਜ਼ਰੂਰ ਕੀਤੀ ਜਾ ਰਹੀ ਹੈ ਪਰ ਆਸਾਮੀਆਂ ਖਤਮ ਨਹੀਂ ਕੀਤੀਆਂ ਜਾ ਰਹੀਆਂ।


Related News