ਸ਼੍ਰੋਮਣੀ ਅਕਾਲੀ ਦਲ ਨੇ ਕੱਢਿਆ ਰੋਸ ਮਾਰਚ

Wednesday, Jun 27, 2018 - 05:43 AM (IST)

ਸ਼੍ਰੋਮਣੀ ਅਕਾਲੀ ਦਲ ਨੇ ਕੱਢਿਆ ਰੋਸ ਮਾਰਚ

ਕਪੂਰਥਲਾ, (ਗੁਰਵਿੰਦਰ ਕੌਰ, ਮੱਲ੍ਹੀ)- ਸ਼੍ਰੋਮਣੀ ਅਕਾਲੀ ਦਲ ਜ਼ਿਲਾ ਕਪੂਰਥਲਾ ਵੱਲੋਂ ਅੱਜ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਦੂਸਰੇ ਸੂਬਿਆਂ ਦੇ ਮੁਕਾਬਲੇ ਵੱਧ ਵੈਟ ਲੈਣ ਦੇ ਵਿਰੋਧ 'ਚ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਰੋਸ ਮਾਰਚ ਕੱਢਿਆ ਗਿਆ। ਜਿਸ 'ਚ ਅਕਾਲੀ ਦਲ ਦੇ ਅਹੁਦੇਦਾਰਾਂ, ਆਗੂਆਂ, ਵਰਕਰਾਂ, ਪੰਚਾਂ-ਸਰਪੰਚਾਂ, ਕੌਂਸਲਰਾਂ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ ਨੇ ਵਧ ਚੜ੍ਹ ਕੇ ਭਾਗ ਲਿਆ। ਨਾਅਰਿਆਂ ਦੀ ਗੂੰਜ 'ਚ ਰੋਸ ਮਾਰਚ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫਤਰ ਪਹੁੰਚਿਆ ਜਿੱਥੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਡੀ. ਸੀ. ਮੁਹੰਮਦ ਤਇਅਬ ਨੂੰ ਦਿੱਤਾ। 
ਇਸ ਤੋਂ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਅਕਾਲੀਆਂ ਦੇ ਭਾਰੀ ਇਕੱਠ ਨੂੰ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ, ਹਲਕਾ ਇੰਚਾਰਜ ਕਪੂਰਥਲਾ ਐਡ. ਪਰਮਜੀਤ ਸਿੰਘ, ਜ਼ਿਲਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਮਰਬੀਰ ਸਿੰਘ ਲਾਲੀ, ਅੰਤ੍ਰਿਮ ਕਮੇਟੀ ਮੈਂਬਰ ਐੱਸ. ਜੀ. ਪੀ. ਸੀ. ਬੀਬੀ ਗੁਰਪ੍ਰੀਤ ਕੌਰ ਰੂਹੀ, ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਸਰਵਣ ਸਿੰਘ ਕੁਲਾਰ, ਦਵਿੰਦਰਬੀਰ ਸਿੰਘ ਚਾਹਲ, ਕੁਲਵੰਤ ਸਿੰਘ ਜੋਸਨ, ਜ਼ਿਲਾ ਪ੍ਰਧਾਨ ਜਗੀਰ ਸਿੰਘ ਵਡਾਲਾ, ਮੈਂਬਰ ਵਰਕਿੰਗ ਕਮੇਟੀ ਸਵਰਨ ਸਿੰਘ ਜੋਸ਼, ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਮਾਸਟਰ ਗੁਰਦੇਵ ਸਿੰਘ, ਨਗਰ ਨਿਗਮ ਫਗਵਾੜਾ ਦੇ ਉਪ ਮੇਅਰ ਰਣਜੀਤ ਸਿੰਘ ਖੁਰਾਣਾ ਆਦਿ ਨੇ ਸੰਬੋਧਨ ਕੀਤਾ।  
ਉਪਰੋਕਤ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸੂਬੇ ਦੇ ਲੋਕ ਬਹੁਤ ਦੁਖੀ ਹਨ ਤੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤਾ ਗਿਆ ਅਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੋਰ ਤਾਂ ਹੋਰ ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਸਭ ਤੋਂ ਵੱਧ ਵੈਟ ਲਿਆ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ 'ਚ ਬੇਹਤਾਸ਼ਾ ਵਾਧਾ ਹੋਇਆ ਹੈ। ਉਪਰੋਕਤ ਆਗੂਆਂ ਨੇ ਜ਼ੋਰ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀਆਂ ਕੀਮਤਾਂ ਘੱਟ ਹੋ ਸਕਣ। 
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਖੇਤੀ ਪ੍ਰਧਾਨ ਸੂਬਾ ਹੈ ਤੇ ਕਾਂਗਰਸ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਵੱਧ ਵੈਟ ਲੈਣ ਕਾਰਨ ਕੀਮਤਾਂ 'ਚ ਹੋਏ ਵਾਧੇ ਨੇ ਕਿਸਾਨਾਂ ਤੇ ਹੋਰ ਸਾਰੇ ਵਰਗਾਂ 'ਤੇ ਬਹੁਤ ਬੁਰਾ ਅਸਰ ਪਾਇਆ ਹੈ, ਜਿਸ ਕਾਰਨ ਲੋਕਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਰਹੀ ਹੈ ਤੇ ਕੀਮਤਾਂ ਦੇ ਵਾਧੇ ਦਾ ਠੀਕਰਾ ਕਾਂਗਰਸ ਵਲੋਂ ਬਿਨਾਂ ਵਜ੍ਹਾ ਕੇਂਦਰ ਸਰਕਾਰ ਸਿਰ ਮੜ੍ਹਿਆ ਜਾ ਰਿਹਾ ਹੈ। 
ਇਸ ਮੌਕੇ ਸੁਰਜੀਤ ਸਿਘ ਢਿੱਲੋਂ, ਠੇਕੇਦਾਰ ਬਲਜਿੰਦਰ ਸਿੰਘ, ਜਸਵੰਤ ਸਿੰਘ ਕੌੜਾ, ਪਰਮਜੀਤ ਸਿੰਘ ਦੋਆਬਾ, ਸਵਰਨ ਸਿੰਘ ਸੁਭਾਨਪੁਰ, ਸ਼ਿੰਗਾਰਾ ਸਿੰਘ, ਜਰਨੈਲ ਸਿੰਘ ਬਾਜਵਾ, ਬਲਾਕ ਸੰਮਤੀ ਦੇ ਚੇਅਰਮੈਨ ਦਲਜੀਤ ਸਿੰਘ ਬਸਰਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਕਾਦੂਪੁਰ, ਕੌਂਸਲਰ ਹਰਬੰਸ ਸਿੰਘ ਵਾਲੀਆ, ਮਨਮੋਹਨ ਸਿੰਘ ਵਾਲੀਆ, ਰਜਿੰਦਰ ਸਿੰਘ ਧੰਜਲ, ਇੱਛਾ ਸਿੰਘ ਢੋਟ, ਠੇਕੇਦਾਰ ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਢਪਈ, ਸਿਆਸੀ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਥੇ. ਇੰਦਰਜੀਤ ਸਿੰਘ ਜੁਗਨੂੰ, ਸੁਖਪਾਲ ਸਿੰਘ ਭਾਟੀਆ, ਗੁਰਿੰਦਰਜੀਤ ਸਿੰਘ ਢਿੱਲੋਂ, ਬਲਜੀਤ ਕੌਰ, ਬੀਬੀ ਨਿਰਮਲ ਕੌਰ ਸਰਪੰਚ ਆਦਿ ਹਾਜ਼ਰ ਸਨ। 


Related News