ਢਾਲ ਫੈਕਟਰੀ ਬਲਾਸਟ ਮਾਮਲੇ ’ਚ ਫੌਰਮੈਨ ਅਤੇ ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ
Friday, Dec 08, 2017 - 06:00 PM (IST)
ਬੁਢਲਾਡਾ (ਬਾਂਸਲ,ਮਨਚੰਦਾ) - ਸਥਾਨਕ ਸ਼ਹਿਰ ਦੀ ਲੋਹਾ ਢਾਲ ਫੈਕਟਰੀ ਬਲਾਸਟ ਮਾਮਲੇ ’ਚ ਫੈਕਟਰੀ ’ਚ ਕੰਮ ਕਰਨ ਵਾਲੇ ਜ਼ਖਮੀ ਪ੍ਰਗਟ ਸਿੰਘ ਦੇ ਬਿਆਨ ਤੇ ਸਥਾਨਕ ਸਿਟੀ ਪੁਲਸ ਵੱਲੋਂ ਅਣਗਹਿਲੀ ਵਰਤਣ ਦੇ ਦੋਸ਼ ’ਚ ਫੈਕਟਰੀ ਮਾਲਕ, ਫੋਰਮੈਨ ਅਤੇ ਹਰਦੀਪ ਸਿੰਘ ਦੇ ਖਿਲਾਫ ਧਾਰਾ 285, 337 ਅਧੀਨ ਮਾਮਲਾ ਦਰਜ ਕਰਕੇ ਜਾਂਚ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਸਿਟੀ ਬਲਵਿੰਦਰ ਸਿੰਘ ਰੌਮਾਣਾ ਨੇ ਦੱਸਿਆ ਕਿ ਜ਼ੇਰੇ ਇਲਾਜ ਪ੍ਰਗਟ ਸਿੰਘ ਨੇ ਦੱਸਿਆ ਕਿ ਫੈਕਟਰੀ ’ਚ ਕੰਮ ਕਰਨ ਵਾਲੇ ਕੁਝ ਵਿਅਕਤੀ ਭੱਠੀ ਦੇ ਨਜ਼ਦੀਕ ਕੰਮ ਤੋਂ ਅਣਜਾਣ ਵਿਅਕਤੀ ਸਨ। ਜਿਨ੍ਹਾਂ ਸੰਬੰਧੀ ਫੋਰਮੈਨ ਗੁਰਦੀਪ ਸਿੰਘ ਅਤੇ ਡਰਾਈਵਰ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਪਰ ਇਸ ਪਾਸੇ ਵੱਲ ਉਨ੍ਹਾਂ ਕੋਈ ਧਿਆਨ ਨਾ ਦਿੱਤਾ ਜਿਸ ਕਾਰਨ ਇਹ ਘਟਨਾ ਵਾਪਰੀ ਅਤੇ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜ਼ਸਕਰਨ ਸਿੰਘ ਕਰ ਰਹੇ ਹਨ। ਵਰਣਨਯੋਗ ਹੈ ਕਿ ਸਥਾਨਕ ਸ਼ਹਿਰ ਦੀ ਲੋਹਾ ਢਾਲ ਫੈਕਟਰੀ ਦੀ ਅੱਗ ਦੀ ਭੱਠੀ ’ਚ ਜਬਰਦਸ਼ਤ ਬਲਾਸਟ ਹੋਣ ਨਾਲ ਚਾਰ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸਣ ਸਮੇਤ ਸੱਤ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਸੀ। ਜਾਣਕਾਰੀ ਅਨੁਸਾਰ ਰੋਜ਼ਾਨਾਂ ਦੀ ਤਰ੍ਹਾਂ ਇਸ ਲੋਹਾ ਫੈਕਟਰੀ ’ਚ ਲੋਹਾ ਢਾਲਣ ਲਈ ਲੋਹੇ ਦੀ ਪਾਇਪ ਭੱਠੀ ’ਚ ਸੁੱਟੀ ਗਈ ਤਾਂ ਅਚਾਨਕ ਬਲਾਸਟ ਹੋ ਗਿਆ ਅਤੇ ਅੱਗ ਦੇ ਗੋਲਿਆ ਨਾਲ ਗੁਰਦੀਪ ਸਿੰਘ(45) ਫੋਰਮੈਨ, ਜ਼ਗਸੀਰ ਸਿੰਘ(40) ਅਤੇ ਜੈ ਅਨੂਦੀਨ(35), ਪਰਗਟ ਸਿੰਘ(45), ਜੱਗੂ ਸਿੰਘ ਅਤੇ ਦੋ ਹੋਰ ਅਣਪਛਾਤੇ ਮਜ਼ਦੂਰ ਗੰਭੀਰ ਰੂਪ ’ਚ ਜਖਮੀ ਹੋ ਗਏ। ਜਿਨ੍ਹਾਂ ’ਚੋਂ ਗੁਰਦੀਪ ਅਤੇ ਜਗਸੀਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਦਾ ਮੂੰਹ ਅਤੇ ਹੱਥ ਬੁਰੀ ਤਰ੍ਹਾਂ ਸੜ੍ਹ ਚੁੱਕੇ ਹਨ। ਇਨ੍ਹਾਂ ਜ਼ਖਮੀਆਂ ਨੂੰ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਦਾਖਲ ਕਰਵਾਈਆ ਗਿਆ ਹੈ। ਪਰ ਡਾਕਟਰਾਂ ਅਨੁਸਾਰ ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬਲਾਸਟ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕੀਆ ਸੀ। ਪੁਲਸ ਨੇ ਮੌਕੇ ਤੇ ਘਟਨਾ ਦਾ ਜ਼ਾਇਜਾ ਲਿਆ।
