ਹਾਈ ਅਲਰਟ ਦੇ ਬਾਵਜੂਦ ਆਰ. ਪੀ. ਐੱਫ. ਦੀ ਪੋਸਟ ਨੇੜੇ ਸ਼ਤਾਬਦੀ ਐਕਸਪ੍ਰੈੱਸ ''ਤੇ ਹੋਈ ਪੱਥਰਬਾਜ਼ੀ

08/31/2017 5:21:43 AM

ਜਲੰਧਰ(ਗੁਲਸ਼ਨ)—ਬੀਤੀ ਰਾਤ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ (12013) 'ਤੇ ਆਰ. ਪੀ. ਐੱਫ. ਦੀ ਸਿਟੀ ਸਟੇਸ਼ਨ 'ਤੇ ਸਥਿਤ ਪੋਸਟ ਤੋਂ ਥੋੜ੍ਹੀ ਦੂਰ ਦੋਮੋਰੀਆ ਪੁਲ ਦੇ ਕੋਲ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਪੱਥਰਬਾਜ਼ੀ ਕਰਨ ਦੀ ਸੂਚਨਾ ਮਿਲੀ ਹੈ। ਪੱਥਰਬਾਜ਼ੀ ਨਾਲ ਟਰੇਨ ਦੇ ਸੀ-3 ਤੇ ਸੀ-7 ਕੋਚ ਦੇ ਸ਼ੀਸ਼ੇ ਟੁੱਟ ਗਏ। ਇਸ ਦੌਰਾਨ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਘਟਨਾ ਤੋਂ ਬਾਅਦ ਟਰੇਨ ਵਿਚ ਸਵਾਰ ਯਾਤਰੀ ਸਹਿਮ ਗਏ। ਜਾਣਕਾਰੀ ਮੁਤਾਬਕ ਟਰੇਨ ਵਿਚ ਤਾਇਨਾਤ ਗਾਰਦ ਨੇ ਕੰਟਰੋਲ ਰੂਮ 'ਤੇ ਘਟਨਾ ਦੀ ਸ਼ਿਕਾਇਤ ਦਿੱਤੀ। ਕੰਟਰੋਲ ਰੂਮ ਤੋਂ ਮੈਸੇਜ ਆਉਣ ਤੋਂ ਬਾਅਦ ਰੇਲਵੇ ਪੁਲਸ ਦੁਆਰਾ ਘਟਨਾ ਵਾਲੀ ਥਾਂ 'ਤੇ ਜਾਂਚ ਕੀਤੀ ਗਈ ਪਰ ਉਨ੍ਹਾਂ ਨੂੰ ਕੋਈ ਸ਼ਰਾਰਤੀ ਅਨਸਰ ਨਹੀਂ ਮਿਲਿਆ। ਬੁੱਧਵਾਰ ਸ਼ਾਮ ਨੂੰ ਵੀ ਸ਼ਤਾਬਦੀ ਐਕਸਪ੍ਰੈੱਸ ਆਉਣ ਦੇ ਸਮੇਂ ਦੋਮੋਰੀਆ ਪੁਲ, ਇਕਹਿਰੀ ਪੁਲੀ ਦੇ ਕੋਲ ਰੇਲਵੇ ਸੁਰੱਖਿਆ ਬਲ ਦੇ ਕੁੱਝ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਫਿਲਹਾਲ ਆਰ. ਪੀ. ਐੱਫ. ਪੋਸਟ ਜਲੰਧਰ ਵਿਚ ਘਟਨਾ ਸੰਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਪਿਛਲੇ ਦਿਨੀਂ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਦੁਆਰਾ ਗੜਬੜੀ ਕਰਨ ਦੀ ਸੰਭਾਵਨਾ ਨਾਲ ਰੇਲਵੇ ਵਿਭਾਗ ਨੇ ਹਰਿਆਣਾ ਤੋਂ ਲੰਘਣ ਵਾਲੀਆਂ ਸਾਰੀਆਂ ਟਰੇਨਾਂ ਦੇ ਦਰਵਾਜ਼ੇ, ਖਿੜਕੀਆਂ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਸੰਬੰਧੀ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਰੇਲਵੇ ਸਟੇਸ਼ਨਾਂ 'ਤੇ ਵੀ ਵਾਰ-ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ। ਹਾਲਾਂਕਿ ਪੰਜਾਬ ਦੇ ਦੋਆਬਾ ਖੇਤਰ ਵਿਚ ਡੇਰੇ ਦਾ ਜ਼ਿਆਦਾ ਪ੍ਰਭਾਵ ਨਹੀਂ ਹੈ। ਉਂਝ ਵੀ ਪੰਜਾਬ ਵਿਚ ਕਾਨੂੰਨ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਕਾਇਮ ਹੈ। ਉਥੇ ਹਾਈ ਅਲਰਟ ਹੋਣ ਦੇ ਬਾਵਜੂਦ ਸ਼ਤਾਬਦੀ ਐਕਸਪ੍ਰੈੱਸ 'ਤੇ ਪੱਥਰਬਾਜ਼ੀ ਹੋਣ ਨਾਲ ਰੇਲਵੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਇਸ ਸੰਬੰਧੀ ਆਰ. ਪੀ. ਐੱਫ. ਦੇ ਇੰਸ. ਸਤਵੀਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 
ਰੇਲ ਸੇਵਾ ਬਹਾਲ, ਸਿਰਫ 3 ਟਰੇਨਾਂ ਰੱਦ 
ਰਾਮ ਰਹੀਮ ਮਾਮਲੇ ਨੂੰ ਲੈ ਕੇ ਪੈਦਾ ਹੋਏ ਤਣਾਅ ਤੋਂ ਬਾਅਦ ਪ੍ਰਭਾਵਿਤ ਹੋਈ ਰੇਲ ਯਾਤਰਾ ਹੁਣ ਕਾਫੀ ਹੱਦ ਤੱਕ ਬਹਾਲ ਹੋ ਗਈ ਹੈ। ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਬਹਾਲ ਹੋ ਗਈਆਂ। ਬੁੱਧਵਾਰ ਨੂੰ ਸਿਰਫ 3 ਟਰੇਨਾਂ ਹੀ ਰੱਦ ਰਹੀਆਂ। ਰੱਦ ਟਰੇਨਾਂ ਵਿਚ ਅੰਮ੍ਰਿਤਸਰ-ਸਹਿਰਸਾ ਜਨਸਾਧਾਰਨ ਐÎਕਸਪ੍ਰੈੱਸ  (14604), ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ (12421) , ਅੰਮ੍ਰਿਤਸਰ-ਵਿਸ਼ਾਖਾਪਟਨਮ ਹੀਰਾਕੁੰਡ ਐਕਸਪ੍ਰੈੱਸ (18508)  ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਮਹਾਰਾਸ਼ਟਰ 'ਚ ਜ਼ਿਆਦਾ ਮੀਂਹ ਪੈਣ ਕਾਰਨ ਇਨ੍ਹਾਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ।


Related News