ਡੀ. ਜੀ. ਪੀ. ਦੀ ਵੱਡੀ ਕਾਰਵਾਈ, ਪੰਜਾਬ ''ਚ ਉੱਚ-ਪੱਧਰੀ ਨਾਕੇ ਲਗਾਉਣ ਦੇ ਨਿਰਦੇਸ਼

Tuesday, Aug 12, 2025 - 01:39 PM (IST)

ਡੀ. ਜੀ. ਪੀ. ਦੀ ਵੱਡੀ ਕਾਰਵਾਈ, ਪੰਜਾਬ ''ਚ ਉੱਚ-ਪੱਧਰੀ ਨਾਕੇ ਲਗਾਉਣ ਦੇ ਨਿਰਦੇਸ਼

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਸੁਤੰਰਤਾ ਦਿਵਸ-2025 ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਪੁਲਸ ਬਲ ਨੂੰ ਮੌਜੂਦਾ ਸੁਰੱਖਿਆ ਵਿਵਸਥਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਅੱਤਵਾਦ ਵਿਰੋਧੀ ਰਣਨੀਤੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਹੱਦੀ ਸੂਬੇ ਵਿਚ ਕਿਸੇ ਵੀ ਕਾਨੂੰਨ ਵਿਵਸਥਾ ਦੀ ਉਲੰਘਣਾ ਨੂੰ ਰੋਕਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਉੱਚ-ਪੱਧਰੀ ਨਾਕਿਆਂ ਅਤੇ ਹਰ ਸਮੇਂ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਡੀਜੀਪੀ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਕਮਿਸ਼ਨਰਾਂ ਅਤੇ ਪੁਲਸ ਰੇਂਜਾਂ - ਸਰਹੱਦੀ, ਜਲੰਧਰ, ਲੁਧਿਆਣਾ ਅਤੇ ਰੋਪੜ ਦੇ ਅਧਿਕਾਰੀਆਂ ਨਾਲ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗਾਂ ਅਤੇ ਆਊਟਰੀਚ ਸੈਸ਼ਨਾਂ ਦੀ ਪ੍ਰਧਾਨਗੀ ਕਰਨ ਲਈ ਦੌਰੇ 'ਤੇ ਸਨ। ਉਨ੍ਹਾਂ ਨੇ ਸੂਬੇ ਵਿਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆ ਵਿਰੁੱਧ' ਅਤੇ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਦਾ ਵੀ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਨਸ਼ਿਆਂ ਖਿਲਾਫ ਜ਼ੀਰੋ-ਸਹਿਣਸ਼ੀਲਤਾ ਰਵੱਈਏ ਦੀ ਪੁਸ਼ਟੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਐੱਨਡੀਪੀਐੱਸ ਐਕਟ ਨੂੰ ਸਖ਼ਤ, ਪਾਰਦਰਸ਼ੀ ਅਤੇ ਬਿਨਾਂ ਕਿਸੇ ਸਮਝੌਤੇ ਦੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਬੇ ਵਿਚੋਂ ਨਸ਼ਿਆਂ ਦਾ ਜੜ੍ਹੋਂ ਖ਼ਾਤਮਾ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 68-ਐਫ ਤਹਿਤ ਵਿੱਤੀ ਢੰਗ ਨਾਲ ਜਾਂਚ ਕਰਨ ਅਤੇ ਹਵਾਲਾ ਸੰਚਾਲਕਾਂ ਵਿਰੁੱਧ ਕਾਰਵਾਈ ਕਰਕੇ ਨਸ਼ਾ ਤਸਕਰੀ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਵੀ ਕਿਹਾ। ਆਗਾਮੀ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐੱਸਐੱਸਪੀਜ਼ ਨੂੰ ਸਾਰੀਆਂ ਮਹੱਤਵਪੂਰਨ ਥਾਵਾਂ 'ਤੇ ਪੁਲਸ ਦੀ ਮੌਜੂਦਗੀ ਨੂੰ ਯਕੀਨੀ ਬਣਾ ਕੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ, ਡੋਮੀਨੇਸ਼ਨ ਆਪਰੇਸ਼ਨਾਂ ਨੂੰ ਹੋਰ ਤੇਜ਼ ਕਰਨ ਅਤੇ ਹੋਰਨਾਂ ਰੋਕਥਾਮ ਅਤੇ ਜਾਸੂਸੀ ਉਪਾਵਾਂ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਹੋ ਗਿਆ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਸੁਣ ਕੰਬੇ ਲੋਕ

ਡੀਜੀਪੀ ਨੇ ਕਿਹਾ ਕਿ ਇਸ ਕੜੀ ਸੁਰੱਖਿਆ ਨਾਲ ਪੁਲਸ ਕਰਮਚਾਰੀ ਕਿਸੇ ਵੀ ਸੰਭਾਵੀ ਖਤਰੇ ਜਾਂ ਗਤੀਵਿਧੀ ਨੂੰ ਰੋਕਣ ਲਈ ਖਾਸ ਕਰਕੇ ਰਾਤ ਨੂੰ ਨਿਯਮਤ ਤੌਰ ‘ਤੇ ਗਸ਼ਤ ਅਤੇ ਚੈਕਿੰਗ ਕਰਨਗੇ। ਉਨ੍ਹਾਂ ਨੇ ਸੀਪੀਜ਼/ਐੱਸਐੱਸਪੀਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿਚ ਪੁਲਸ ਨਾਕਿਆਂ ਵਿਚ ਵਾਧਾ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਭੀੜ ਵਾਲੇ ਖੇਤਰਾਂ, ਹੌਟਸਪੌਟਸ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਦੌਰਾਨ, ਆਊਟਰੀਚ ਸੈਸ਼ਨ ਦੇ ਹਿੱਸੇ ਵਜੋਂ, ਡੀਜੀਪੀ ਪੰਜਾਬ ਨੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸਐੱਚਓਜ਼) ਸਮੇਤ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਅੰਤਰ-ਜ਼ਿਲ੍ਹਾ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਡਰੱਗ ਸਪਲਾਈ ਚੇਨਾਂ ਨੂੰ ਨਸ਼ਟ ਕਰਨ ਲਈ ਖੁੱਲ੍ਹੀ ਚਰਚਾ ਅਤੇ ਅਹਿਮ ਖੇਤਰੀ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ : ਮੀਂਹ ਕਾਰਣ ਮਚੀ ਹਾਹਾਕਾਰ, ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਆਇਆ ਪਾਣੀ, ਲੋਕਾਂ ਨੇ ਛੱਡੇ ਘਰ

ਇਸ ਮੀਟਿੰਗ ਵਿਚ ਕਮਿਸ਼ਨਰ ਆਫ ਪੁਲਸ (ਸੀਪੀ) ਜਲੰਧਰ ਰੇਂਜ ਧਨਪ੍ਰੀਤ ਕੌਰ, ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਸੀਪੀ ਲੁਧਿਆਣਾ ਸਵਪਨ ਸ਼ਰਮਾ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ, ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਐੱਸਐੱਸਪੀ ਗੁਰਦਾਸਪੁਰ ਅਦਿੱਤਿਆ, ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ, ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਕਪੂਰਥਲਾ ਗੌਰਵ ਤੂਰਾ, ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਮਲਿਕ, ਐੱਸਐੱਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ, ਐੱਸਐੱਸਪੀ ਐੱਸਬੀਐੱਸ ਨਗਰ ਮਹਿਤਾਬ ਸਿੰਘ, ਐੱਸਐੱਸਪੀ ਸਪੀ ਖੰਨਾ ਡਾ. ਜੋਤੀ ਯਾਦਵ, ਐੱਸਐੱਸਪੀ ਜਗਰਾਉਂ ਅੰਕੁਰ ਗੁਪਤਾ, ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਐੱਸਐੱਸਪੀ ਐੱਸਏਐੱਸ ਨਗਰ ਹਰਮਨਦੀਪ ਹੰਸ ਅਤੇ ਐੱਸਐੱਸਪੀ ਫਤਿਹਗੜ੍ਹ ਸਾਹਿਬ ਸੁਭਮ ਅਗਰਵਾਲ ਸਮੇਤ ਹੋਰ ਅਧਿਕਾਰੀ/ਕਰਮਚਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਅਸਾਮੀਆਂ ਵਾਲਾ ਇਸ਼ਤਿਹਾਰ ਲਿਆ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News