ਪੰਜਾਬ ''ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ ਖੋਲ੍ਹੇ 4 ਫਲੱਡ ਗੇਟ
Monday, Aug 04, 2025 - 02:06 PM (IST)

ਹੁਸ਼ਿਆਰਪੁਰ (ਵੈੱਬ ਡੈਸਕ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ-ਦਸੂਹਾ ਦੇ ਤਲਵਾੜਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਬੀ. ਬੀ. ਐੱਮ. ਬੀ. ਵਿਭਾਗ ਵੱਲੋਂ ਸ਼ਾਹ ਨਹਿਰ ਬੈਰਾਜ ਦੇ 4 ਫਲੱਡ ਗੇਟ ਦੋ-ਦੋ ਫੁੱਟ ਖੋਲ੍ਹੇ ਗਏ ਹਨ। ਸ਼ਾਹ ਬੈਰਾਜ ਨਹਿਰ ਤੋਂ ਬਿਆਸ ਦਰਿਆ ਨੂੰ ਪਾਣੀ ਛੱਡਿਆ ਗਿਆ ਹੈ। ਪੌਂਗ ਡੈਮ ਵਿਚ ਫਿਰ ਤੋਂ ਪਾਣੀ ਦਾ ਪੱਧਰ ਦੋ ਦਿਨਾਂ ਵਿਚ 6 ਫੁੱਟ ਵਧਿਆ ਹੈ, ਜੋਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 13 ਫੁੱਟ ਦੂਰ ਰਹਿ ਗਿਆ ਹੈ। ਸ਼ਾਹ ਬੈਰਾਜ ਨਹਿਰ ਤੋਂ 18 ਹਜ਼ਾਰ 500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1366.68 ਫੁੱਟ ਤੋਂ ਉੱਪਰ ਪਹੁੰਚ ਗਿਆ ਹੈ। ਇਥੇ ਇਹ ਵੀ ਦੱਸ ਦੇਈਏ ਕਿ ਪਾਣੀ ਦਾ ਪੱਧਰ 1380 ਫੁੱਟ ਹੋਣ ਮਗਰੋਂ ਬੀ. ਬੀ. ਐੱਮ. ਬੀ. ਨੂੰ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ। ਪੌਂਗ ਡੈਮ ਦੇ ਪਾਣੀ ਦੇ ਪੱਧਰ ਦੀ ਸਮਰੱਥਾ 1410 ਫੁੱਟ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ, ਹੋ ਗਈ ਵੱਡੀ ਭਵਿੱਖਬਾਣੀ
ਜ਼ਿਕਰਯੋਗ ਹੈ ਕਿ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਹੀ ਪ੍ਰਬੰਧਕੀ ਅਧਿਕਾਰੀਆਂ ਨੂੰ ਪੌਂਗ ਡੈਮ ’ਚ ਵਧਦੇ ਪਾਣੀ ਦੇ ਪੱਧਰ ਬਾਰੇ ਪੱਤਰ ਲਿਖਿਆ ਗਿਆ ਹੈ। ਇਹ ਪੱਤਰ ਸੀਨੀਅਰ ਡਿਜ਼ਾਈਨ ਇੰਜੀਨੀਅਰ, ਵਾਟਰ ਰੈਗੂਲੇਸ਼ਨ ਸੈੱਲ, ਬੀ. ਬੀ. ਐੱਮ. ਬੀ., ਤਲਵਾੜਾ ਵੱਲੋਂ ਡੀ. ਸੀ. ਕਾਂਗੜਾ (ਹਿਮਾਚਲ), ਡੀ. ਸੀ. ਹੁਸ਼ਿਆਰਪੁਰ (ਪੰਜਾਬ), ਉੱਪ ਮੰਡਲ ਅਧਿਕਾਰੀ ਫਤਿਹਪੁਰ (ਹਿਮਾਚਲ), ਉੱਪ ਮੰਡਲ ਅਧਿਕਾਰੀ ਇੰਦੌਰਾ (ਹਿਮਾਚਲ), ਉੱਪ-ਮੰਡਲ ਅਧਿਕਾਰੀ ਦਸੂਹਾ (ਪੰਜਾਬ), ਉੱਪ ਮੰਡਲ ਅਧਿਕਾਰੀ ਮੁਕੇਰੀਆਂ (ਪੰਜਾਬ), ਤਹਿਸੀਲਦਾਰ ਇੰਦੌਰਾ (ਕਾਂਗੜਾ), ਤਹਿਸੀਲਦਾਰ ਫਤਿਹਪੁਰ (ਕਾਂਗੜਾ), ਕਾਰਜਕਾਰੀ ਇੰਜੀਨੀਅਰ ਤਲਵਾੜਾ ਨਹਿਰ ਮੰਡਲ, ਤਲਵਾੜਾ, ਕਾਰਜਕਾਰੀ ਇੰਜੀਨੀਅਰ ਸ਼ਾਹ ਨਹਿਰ ਮੰਡਲ, ਸੰਸਾਰਪੁਰ ਟੈਰੇਸ, ਤੋਂ ਇਲਾਵਾ ਇਕ ਕਾਪੀ ਸਕੱਤਰ, ਬੀ. ਬੀ. ਐੱਮ. ਬੀ., ਚੰਡੀਗੜ੍ਹ, ਚੀਫ ਇੰਜੀਨੀਅਰ ਬਿਆਸ ਡੈਮ, ਬੀ.ਬੀ.ਐੱਮ.ਬੀ., ਤਲਵਾੜਾ ਅਤੇ ਡਾਇਰੈਕਟਰ ਵਾਟਰ ਰੈਗੂਲੇਸ਼ਨ, ਬੀ. ਬੀ. ਐੱਮ. ਬੀ., ਨੰਗਲ ਡੈਮ ਨੂੰ ਭੇਜੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਜੰਗ ਦਾ ਮੈਦਾਨ ਬਣਿਆ ਕ੍ਰਿਕੇਟ ਟੂਰਨਾਮੈਂਟ! ਚੱਲੇ ਤੇਜ਼ਧਾਰ ਹਥਿਆਰ, ਪਈਆਂ ਭਾਜੜਾਂ
ਉਨ੍ਹਾਂ ਆਪਣੇ ਪੱਤਰ ਵਿਚ ਦੱਸਿਆ ਸੀ ਕਿ 2 ਅਗਸਤ 2025 ਨੂੰ ਪੌਂਗ ਡੈਮ ਦਾ ਜਲ ਪੱਧਰ ਸਵੇਰੇ 6 ਵਜੇ 1361.07 ਫੁੱਟ ਦਰਜ ਕੀਤਾ ਗਿਆ, ਜਦਕਿ 2 ਅਗਸਤ 2024 ਨੂੰ ਇਹ 1328.45 ਫੁੱਟ ਸੀ। ਅੱਜ ਸਵੇਰੇ 6 ਵਜੇ ਪੌਂਗ ਡੈਮ ਵਿਚ ਪਾਣੀ ਦੀ ਆਮਦ 87,586 ਕਿਊਸਿਕ ਹੈ। ਵਰਤਮਾਨ ਵਿਚ ਸਿਰਫ਼ ਪੌਂਗ ਪਾਵਰ ਹਾਊਸ ਦੇ ਟਰਬਾਈਨਾਂ ਰਾਹੀਂ 18995 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਬੰਨ੍ਹ ਵਿਚ ਪਾਣੀ ਦੀ ਵਰਤਮਾਨ ਆਮਦ ਦੇ ਪੈਟਰਨ ਅਤੇ ਬਿਆਸ ਕੈਚਮੈਂਟ ਖੇਤਰ ਲਈ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਵਰਖਾ ਦੀ ਭਵਿੱਖਬਾਣੀ ਨੂੰ ਵੇਖਦੇ ਹੋਏ, ਨੇੜ ਭਵਿੱਖ ਵਿਚ ਪੌਂਗ ਡੈਮ ਦੇ ਸਪਿੱਲਵੇ ਰਾਹੀਂ ਹੋਰ ਪਾਣੀ ਜਾ ਸਕਦਾ ਹੈ। ਇਸ ਲਈ ਅਧਿਕਾਰੀਆਂ ਦੇ ਨਾਲ-ਨਾਲ ਬਿਆਸ ਦਰਿਆ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਧਰਨੇ 'ਤੇ ਬੈਠੇ ਟਿੱਪਰ ਚਾਲਕ ਤੇ ਮਾਲਕਾਂ ਨੂੰ ਤੇਲ ਟੈਂਕਰ ਨੇ ਕੁਚਲਿਆ, ਪਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e