ਅਨੁਸੂਚਿਤ ਜਾਤੀ ਔਰਤ ਨੂੰ ਨੰਗਿਆਂ ਕਰਨ ਦੀ ਘਟਨਾ ਸ਼ਰਮਨਾਕ
Wednesday, Feb 07, 2018 - 07:12 AM (IST)
ਚੰਡੀਗੜ੍ਹ (ਰਮਨਜੀਤ) - ਕੈਪਟਨ ਸਰਕਾਰ ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਕਰਨ ਵਿਚ ਅਸਫਲ ਸਾਬਿਤ ਹੋ ਰਹੀ ਹੈ। ਪੰਜਾਬ ਵਿਚ ਦਿਨ ਪ੍ਰਤੀ ਦਿਨ ਹੋ ਰਹੀਆਂ ਘਟਨਾਵਾਂ ਜਾਤੀ ਮਾਨਸਿਕਤਾ ਤੋਂ ਪ੍ਰੇਰਿਤ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਨੁਸੂਚਿਤ ਜਾਤੀਆਂ ਦੀ ਸਿਰਮੌਰ ਜਥੇਬੰਦੀ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਅਨੁਸੂਚਿਤ ਜਾਤੀ ਦੀਆਂ ਔਰਤਾਂ ਵਿਰੁੱਧ ਨਿਰਵਸਤਰ, ਜਬਰ-ਜ਼ਨਾਹ, ਕਤਲ ਅਤੇ ਹੋਰ ਘਿਨੌਣੇ ਅਪਰਾਧ ਆਮ ਜਿਹੀ ਗੱਲ ਹੁੰਦੇ ਜਾ ਰਹੇ ਹਨ। ਪੰਜਾਬ ਵਿਚ ਔਰਤਾਂ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਕੈਂਥ ਨੇ ਕਿਹਾ ਕਿ ਪਿਛਲੇ ਦਿਨੀਂ ਤਰਨਤਾਰਨ ਜ਼ਿਲੇ ਵਿਚ ਅਨੁਸੂਚਿਤ ਜਾਤ ਦੀ ਔਰਤ ਨੂੰ ਨੰਗਿਆਂ ਕਰਨਾ ਸ਼ਰਮਨਾਕ ਘਟਨਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਇਸ ਘਟਨਾ ਦੀ ਨਿਖੇਧੀ ਕਰਦਾ ਹੈ। ਪੰਜਾਬ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਤੇ ਕੈਪਟਨ ਸਰਕਾਰ ਮੂਕਦਰਸ਼ਕ ਬਣ ਕੇ ਗਰੀਬ ਵਰਗ ਦੀਆਂ ਔਰਤਾਂ ਨਾਲ ਹੋ ਰਹੇ ਜ਼ਲੀਲਪੁਣੇ ਨੂੰ ਦੇਖ ਰਹੀ ਹੈ।
