ਪਾਕਿਸਤਾਨ ਨੂੰ ਇਕ ਹੋਰ ਝਟਕਾ! ਪੰਜਾਬ ਵੱਲੋਂ ਤੇਜ਼ ਕੀਤਾ ਗਿਆ ਡੈਮ ਦਾ ਕੰਮ

Tuesday, May 20, 2025 - 03:50 PM (IST)

ਪਾਕਿਸਤਾਨ ਨੂੰ ਇਕ ਹੋਰ ਝਟਕਾ! ਪੰਜਾਬ ਵੱਲੋਂ ਤੇਜ਼ ਕੀਤਾ ਗਿਆ ਡੈਮ ਦਾ ਕੰਮ

ਗੁਰਦਾਸਪੁਰ (ਵਿਨੋਦ): ਮਾਧੋਪੁਰ ਹੈੱਡ ਵਰਕਸ ਤੋਂ ਲਗਭਗ 7 ਕਿੱਲੋਮੀਟਰ ਉੱਪਰ ਅਤੇ ਰਣਜੀਤ ਸਾਗਰ ਡੈਮ ਤੋਂ ਲਗਭਗ 11 ਕਿਲੋਮੀਟਰ ਹੇਠਾਂ ਰਾਵੀ ਦਰਿਆ ਤੇ ਲਗਭਗ 3,300 ਕਰੋੜ ਰੁਪਏ ਲਾਗਤ ਨਾਲ ਬਣਨ ਵਾਲਾ ਇਹ ਸ਼ਾਹਪੁਰਕੰਢੀ ਡੈਮ ਬਹੁ ਮੰਤਵੀਂ ਰਣਜੀਤ ਸਾਗਰ ਡੈਮ ਦਾ ਹਿੱਸਾ ਹੈ, ਜਿਸ ਵਿਚ 2 ਪਣ ਬਿਜਲੀ ਪਲਾਟ ਵੀ ਸ਼ਾਮਲ ਹੈ,ਜਿਨ੍ਹਾਂ ਦੇ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਇਸ ਸ਼ਾਹਪੁਰਕੰਢੀ ਡੈਮ ਦੇ ਚਾਲੂ ਹੋਣ ’ਤੇ ਜਿੱਥੇ ਇਸ ਡੈਮ ਤੋਂ 206 ਮੈਗਾਵਾਟ ਬਿਜਲੀ ਉਤਪਾਦਨ ਲਗਭਗ 1042 ਮਿਲੀਅਨ ਸਾਲਾਨਾ ਯੂਨਿਟ ਹੋਵੇਗਾ, ਉੱਥੇ ਰਣਜੀਤ ਸਾਗਰ ਡੈਮ ਤੋਂ ਵੀ ਪੂਰੀ ਸਮਤਾ ਨਾਲ 600 ਮੈਗਾਵਾਟ ਬਿਜਲੀ ਦਾ ਉਤਪਾਦਨ ਪ੍ਰਾਪਤ ਹੋਣ ਦੇ ਨਾਲ-ਨਾਲ ਰਾਵੀ ਦਰਿਆ ਦਾ ਅਣਵਰਤੇ ਪਾਣੀ ਨੂੰ ਵੀ ਪਾਕਿਸਤਾਨ ਤੋਂ ਜਾਣ ਤੋਂ ਰੋਕਿਆ ਜਾਵੇਗਾ।

ਸ਼ਾਹਪੁਰਕੰਢੀ ਡੈਮ ਦੇ ਪਿੱਛੇ ਬਣੀ ਝੀਲ ਵਿਚ ਪਾਣੀ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਮੇਂ ਝੀਲ ਵਿਚ ਲਗਭਗ 390 ਮੀਟਰ ਉੱਚਾ ਪਾਣੀ ਭਰਿਆ ਹੈ। ਜਦਕਿ 401 ਮੀਟਰ ਜਲ ਪੱਧਰ ਹੋਣ ’ਤੇ ਜਿੱਥੋਂ ਜੰਮੂ ਕਸ਼ਮੀਰ ਨੂੰ ਹਾਈ ਲੈਵਲ ਨਹਿਰ ਦੇ ਰਸਤੇ 1150 ਕਿਉਂਸਿਕ ਪਾਣੀ ਮਿਲੇਗਾ, ਜਿਸ ਵਿਚ 32173 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਵੇਗੀ।

 ਇਹ ਵੀ ਪੜ੍ਹੋ- ਜਿਸ ਥਾਣੇ 'ਚ ASI ਦੀ ਬੋਲਦੀ ਸੀ ਤੂਤੀ ਉਸੇ ਥਾਣੇ 'ਚ ਦਰਜ ਹੋਇਆ ਪਰਚਾ, ਹੈਰਾਨ ਕਰਨ ਵਾਲਾ ਹੈ ਮਾਮਲਾ

ਕੀ ਇਤਿਹਾਸ ਹੈ ਸ਼ਾਹਪੁਰਕੰਢੀ ਦਾ

ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ 20 ਅਪ੍ਰੈਲ, 1995 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮਹਾ ਰਾਓ ਦੁਆਰਾ ਸ਼ਾਹਪੁਰਕੰਢੀ ਡੈਮ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਲਗਭਗ ਤਿੰਨ ਦਹਾਕਿਆਂ ਬਾਅਦ ਜੰਮੂ ਅਤੇ ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਪੰਜਾਬ ’ਚ ਰਾਵੀ ਨਦੀ ’ਤੇ ਸ਼ਾਹਪੁਰਕੰਢੀ ਡੈਮ ਦਾ ਨਿਰਮਾਣ ਆਖਰਕਾਰ ਪੂਰਾ ਹੋਣ ਵਾਲਾ ਹੈ। 55.5 ਮੀਟਰ ਉੱਚਾ ਇਹ ਡੈਮ 3,300 ਕਰੋੜ ਰੁਪਏ ਦੇ ਸ਼ਾਹਪੁਰਕੰਡੀ ਮਲਟੀਪਰਪਜ਼ ਰਿਵਰ ਵੈਲੀ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ’ਚ 206 ਮੈਗਾਵਾਟ ਦੀ ਸਥਾਪਿਤ ਸਮਰੱਥਾ ਵਾਲੇ ਦੋ ਪਣ-ਬਿਜਲੀ ਪਲਾਂਟ ਵੀ ਸ਼ਾਮਲ ਹਨ।

ਪੰਜਾਬ ਵੱਲੋਂ ਲਾਗੂ ਕੀਤਾ ਜਾ ਰਿਹਾ ਇਹ ਪ੍ਰਾਜੈਕਟ ਰਾਵੀ ਨਦੀ ਦੇ ਕੁਝ ਪਾਣੀ ਨੂੰ ਘਟਾਉਣ ’ਚ ਮਦਦ ਕਰੇਗਾ, ਜੋ ਇਸ ਸਮੇਂ ਮਾਧੋਪੁਰ ਬੈਰਾਜ ਰਾਹੀਂ ਪਾਕਿਸਤਾਨ ਵੱਲ ਵਹਿ ਰਿਹਾ ਹੈ। ਹਾਲਾਂਕਿ ਪ੍ਰਾਜੈਕਟ ਦੇ ਪੂਰੇ ਲਾਭ - ਸਿੰਚਾਈ ਅਤੇ ਬਿਜਲੀ ਉਤਪਾਦਨ - ਪਾਵਰ ਪਲਾਂਟਾਂ ਦੇ ਪੂਰਾ ਹੋਣ ਤੋਂ ਬਾਅਦ ਹੀ ਪ੍ਰਾਪਤ ਹੋਣਗੇ। ਦੋਵਾਂ ਪਣ-ਬਿਜਲੀ ਪਲਾਂਟਾਂ ਦਾ ਨਿਰਮਾਣ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਬੱਬਰ ਖਾਲਸਾ ਦੇ...

ਮੌਜੂਦਾ ਸਥਿਤੀ ਕੀ ਹੈ

ਜਲ ਸ਼ਕਤੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡੈਮ ’ਚ ਪਾਣੀ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸਮੇਂ ਇਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਨਾਲ ਪੰਜਾਬ ’ਚ 5,000 ਹੈਕਟੇਅਰ ਜ਼ਮੀਨ ਅਤੇ ਜੰਮੂ ਅਤੇ ਕਸ਼ਮੀਰ ’ਚ 32,173 ਹੈਕਟੇਅਰ ਜ਼ਮੀਨ ਦੀ ਸਿੰਚਾਈ ਸੰਭਵ ਹੋਵੇਗੀ। ਰਾਵੀ ਨਦੀ ਸਿੰਧੂ ਨਦੀ ਪ੍ਰਣਾਲੀ ਦੇ ਤਿੰਨ ਪੂਰਬੀ ਦਰਿਆਵਾਂ ’ਚੋਂ ਇਕ ਹੈ ਅਤੇ ਇਸ ਦਾ ਪਾਣੀ ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਦਾ ਹਿੱਸਾ ਹੈ।

ਇਹ ਸੰਧੀ, ਜਿਸ ’ਤੇ 1960 ’ਚ ਵਿਸ਼ਵ ਬੈਂਕ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਦਸਤਖਤ ਕੀਤੇ ਸਨ, ਇਹ ਦੱਸਦੀ ਹੈ ਕਿ ਦੋਵੇਂ ਦੇਸ਼ ਸਾਂਝੇ ਸਿੰਧੂ ਦਰਿਆ ਪ੍ਰਣਾਲੀ ਦੇ ਛੇ ਦਰਿਆਵਾਂ ਦੀ ਵਰਤੋਂ ਕਿਵੇਂ ਕਰਨਗੇ। ਜਦੋਂ ਕਿ ਸਿੰਧੂ ਨਦੀ ਪ੍ਰਣਾਲੀ ਦੇ ਪੱਛਮੀ ਦਰਿਆਵਾਂ -ਸਿੰਧੂ, ਜੇਹਲਮ ਅਤੇ ਚਨਾਬ ਦਾ ਪਾਣੀ ਪਾਕਿਸਤਾਨ ਦਾ ਹੈ, ਤਿੰਨ ਪੂਰਬੀ ਦਰਿਆ ਰਾਵੀ, ਬਿਆਸ ਅਤੇ ਸਤਲੁਜ ਭਾਰਤ ਦੁਆਰਾ ਵਰਤੇ ਜਾਣੇ ਹਨ।

ਸਮਝੌਤੇ ਤਹਿਤ ਪਾਕਿਸਤਾਨ ਨੂੰ ਤਿੰਨ ਪੱਛਮੀ ਦਰਿਆਵਾਂ ਤੋਂ 135 ਮਿਲੀਅਨ ਏਕੜ ਫੁੱਟ ਤੋਂ ਵੱਧ ਪਾਣੀ ਮਿਲਦਾ ਹੈ, ਜਦੋਂ ਕਿ ਭਾਰਤ ਨੂੰ ਤਿੰਨ ਪੂਰਬੀ ਦਰਿਆਵਾਂ ਤੋਂ ਲਗਭਗ 33 ਮਿਲੀਅਨ ਤੋਂ ਵੱਧ ਪਾਣੀ ਦੀ ਬੇਰੋਕ ਵਰਤੋਂ ਮਿਲਦੀ ਹੈ। ਭਾਰਤ ਵਰਤਮਾਨ ’ਚ ਪੂਰਬੀ ਦਰਿਆਵਾਂ ’ਚ ਆਪਣੇ ਹਿੱਸੇ ਦੇ ਪਾਣੀ ਦਾ ਲਗਭਗ 94-95 ਪ੍ਰਤੀਸ਼ਤ ਡੈਮਾਂ ਦੇ ਨੈੱਟਵਰਕ ਰਾਹੀਂ ਵਰਤਦਾ ਹੈ, ਜਿਸ ’ਚ ਸਤਲੁਜ ’ਤੇ ਭਾਖੜਾ, ਰਾਵੀ ’ਤੇ ਰਣਜੀਤ ਸਾਗਰ ਅਤੇ ਬਿਆਸ ’ਤੇ ਪੌਂਗ ਅਤੇ ਪੰਡੋਹ ਸ਼ਾਮਲ ਹਨ।

ਸ਼ਾਹਪੁਰਕੰਡੀ ਡੈਮ, ਜੋ ਕਿ ਰਾਵੀ ਦਰਿਆ ’ਤੇ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਹੇਠਾਂ ਵੱਲ ਅਤੇ ਮਾਧੋਪੁਰ ਬੈਰਾਜ ਤੋਂ 7 ਕਿਲੋਮੀਟਰ ਉੱਪਰ ਵੱਲ ਸਥਿਤ ਹੈ, ਭਾਰਤ ਨੂੰ ਰਾਵੀ ਦੇ ਪਾਣੀ ਦੀ ਬਿਹਤਰ ਵਰਤੋਂ ਕਰਨ ’ਚ ਮਦਦ ਕਰੇਗਾ। ਇਸ ਵੇਲੇ ਰਣਜੀਤ ਸਾਗਰ ਡੈਮ, ਜੋ ਕਿ 600 ਮੈਗਾਵਾਟ ਬਿਜਲੀ ਪੈਦਾ ਕਰ ਸਕਦਾ ਹੈ, ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਸ਼ਾਹਪੁਰਕੰਢੀ ਡੈਮ ਦਸੰਬਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ

ਇਕ ਅਧਿਕਾਰੀ ਨੇ ਕਿਹਾ ਸ਼ਾਹਪੁਰਕੰਢੀ ਡੈਮ ਦੇ ਚਾਲੂ ਹੋਣ ਨਾਲ ਅਸੀਂ ਪਾਕਿਸਤਾਨ ਨੂੰ ਪਾਣੀ ਛੱਡੇ ਬਿਨਾਂ ਰਣਜੀਤ ਸਾਗਰ ਡੈਮ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦੇ ਯੋਗ ਹੋਵਾਂਗੇ। ਸ਼ਾਹਪੁਰਕੰਢੀ ਦੇ ਵਹਾਅ ਖੇਤਰ ’ਚ ਪਾਣੀ ਨੂੰ ਨਿਯੰਤਰਿਤ ਮਾਤਰਾ ’ਚ ਛੱਡਿਆ ਜਾਵੇਗਾ, ਜਿਸ ਨਾਲ ਮਾਧੋਪੁਰ ਬੈਰਾਜ ’ਤੇ ਪਾਣੀ ਦੀ ਬਿਹਤਰ ਵਰਤੋਂ ਸੰਭਵ ਹੋਵੇਗੀ।

ਇਕ ਸੀਨੀਅਰ ਅਧਿਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਦਾ ਸਹਾਇਕ ਪ੍ਰਾਜੈਕਟ, ਸ਼ਾਹਪੁਰਕੰਢੀ ਬੈਰਾਜ ਡੈਮ, ਦਸੰਬਰ 2025 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਰਾਵੀ ਨਦੀ ਤੋਂ ਇਕ ਬੂੰਦ ਵੀ ਪਾਣੀ ਨਹੀਂ ਮਿਲੇਗਾ। ਜਦੋਂ ਕਿ ਜੰਮੂ-ਕਸ਼ਮੀਰ ਨੂੰ ਸ਼ਾਹਪੁਰਕੰਢੀ ਡੈਮ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ 25 ਫੀਸਦੀ ਮੁਫ਼ਤ ਮਿਲੇਗਾ। ਕਿਉਂਕਿ ਇਸ ਡੈਮ ਦੀ ਜ਼ਿਆਦਾਤਰ ਜ਼ਮੀਨ ਜੰਮੂ-ਕਸ਼ਮੀਰ ਸੂਬੇ ਦੀ ਹੈ।

 ਇਹ ਵੀ ਪੜ੍ਹੋ-  ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News