ਸ਼ਾਹਕੋਟ ਜਿਮਨੀ ਚੋਣ : ਜਾਣੋ ਕਿਨ੍ਹਾਂ ਆਗੂਆਂ ਨੂੰ ਅਕਾਲੀ ਦਲ, ਕਾਂਗਰਸ ਤੇ ਆਪ ਦੇ ਰਹੀ ਹੈ ਟਿਕਟ

02/23/2018 12:34:49 AM

ਸ਼ਾਹਕੋਟ (ਅਰੁਣ ਚੋਪੜਾ)— ਸ਼ਾਹਕੋਟ ਹਲਕੇ ਤੋਂ ਲਗਾਤਾਰ 5 ਵਾਰ ਵਿਧਾਇਕ ਚੁਣੇ ਜਾਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਮੌਤ ਕਾਰਨ ਸ਼ਾਹਕੋਟ ਵਿਧਾਨ ਸਭਾ ਹਲਕਾ ਹੁਣ ਵਿਧਾਇਕਹੀਣ ਹੋ ਗਿਆ ਹੈ। ਹਲਕੇ ਅੰਦਰ ਨਵੇਂ ਵਿਧਾਇਕ ਦੀ ਚੋਣ ਲਈ ਹੁਣ 6 ਮਹੀਨਿਆਂ ਦੇ ਅੰਦਰ-ਅੰਦਰ ਉੱਪ ਚੋਣ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਨੇ ਅੰਦਰਖਾਤੇ ਇਸ ਚੋਣ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। ਹਰ ਪਾਰਟੀ 'ਚ ਇਸ ਹਲਕੇ ਤੋਂ ਜਿਸ ਤਰ੍ਹਾਂ ਨਾਲ ਰੋਜ਼ ਨਵੇਂ-ਨਵੇਂ ਦਾਅਵੇਦਾਰ ਉੱਠ ਰਹੇ ਹਨ ਉਸ ਤੋਂ ਹਲਕੇ ਅੰਦਰ ਸਥਿਤੀ ਇਕ ਅਨਾਰ ਸੌ ਬੀਮਾਰ ਵਾਲੀ ਹੋ ਗਈ ਹੈ।
ਕੌਣ ਤੁਲੇਗਾ ਅਕਾਲੀ ਦਲ ਦੀ ਤੱਕੜੀ 'ਚ?
ਸ਼੍ਰੋਮਣੀ ਅਕਾਲੀ ਦਲ ਵੀ ਇਸ ਸੀਟ 'ਤੇ ਆਪਣੇ ਪੱਤੇ ਖੋਲ੍ਹਣ ਦੇ ਮੂਡ 'ਚ ਨਹੀਂ ਲੱਗ ਰਿਹਾ। ਬੀਤੇ ਦਿਨੀਂ ਜਥੇਦਾਰ ਅਜੀਤ ਸਿੰਘ ਕੋਹਾੜ ਨਮਿੱਤ ਪਿੰਡ ਕੋਹਾੜ ਖੁਰਦ ਵਿਖੇ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਦੌਰਾਨ ਅਕਾਲੀ ਦਲ ਦੀ ਸਮੁੱਚੀ ਟੀਮ ਹਾਜ਼ਰ ਹੋਈ ਸੀ। ਸਮਾਗਮ 'ਚ ਸ਼ਾਮਲ ਹਰ ਇਕ ਨੂੰ ਆਸ ਸੀ ਕਿ ਪਾਰਟੀ ਅੱਜ ਹੀ ਆਪਣਾ ਉਮੀਦਵਾਰ ਜਥੇਦਾਰ ਕੋਹਾੜ ਦੇ ਪਰਿਵਾਰ 'ਚੋਂ ਕਿਸੇ ਨਾ ਕਿਸੇ ਨੂੰ ਐਲਾਨ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਐਲਾਨ ਕੀਤਾ। ਜਿਸ ਕਾਰਨ ਹੁਣ ਲੋਕ ਇਹ ਕਿਆਸ ਲਗਾ ਰਹੇ ਹਨ ਕਿ ਕਿਧਰੇ ਅਕਾਲੀ ਦਲ ਵੀ ਪੈਰਾਸ਼ੂਟ ਉਮੀਦਵਾਰ ਉਤਾਰਨ ਦੀ ਤਿਆਰੀ 'ਚ ਤਾਂ ਨਹੀਂ। ਅਕਾਲੀ ਦਲ ਲੀਡਰਸ਼ਿਪ ਵੀ ਪਿਛਲੇ 25 ਸਾਲਾਂ ਦੇ ਅਜੇਤੂ ਇਸ ਹਲਕੇ ਨੂੰ ਗਵਾਉਣ ਦਾ ਇਰਾਦਾ ਨਹੀਂ ਰੱਖਦੀ। ਇਸ ਸੀਟ 'ਤੇ ਮੁੜ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਕਈ ਤਰ੍ਹਾਂ ਦੇ ਜੋੜ-ਤੋੜ ਲਗਾ ਕੇ ਹੀ ਉਮੀਦਾਵਰ ਉਤਾਰੇ ਜਾਣ ਦੀ ਆਸ ਹੈ। ਲੋਕ ਚਰਚੇ ਹਨ ਕਿ ਅਕਾਲੀ ਦਲ ਇਸ ਹਲਕੇ ਤੋਂ ਬੀਬੀ ਉਪਿੰਦਰਜੀਤ ਕੌਰ, ਜਥੇਦਾਰ ਤੋਤਾ ਸਿੰਘ, ਸ਼ਾਹਕੋਟ ਹਲਕੇ ਤੋਂ ਅਕਾਲੀ ਆਗੂ ਕੇਵਲ ਸਿੰਘ ਰੂਪੇਵਾਲੀ ਜਾਂ ਕਿਸੇ ਹੋਰ ਵੱਡੇ ਆਗੂ ਨੂੰ ਚੋਣ ਲੜਾ ਸਕਦਾ ਹੈ ਪਰ ਸਭ ਤੋਂ ਵੱਧ ਚਰਚਾ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਦੇ ਨਾਂ ਦੀ ਹੀ ਹੋ ਰਹੀ ਹੈ।
ਕਾਂਗਰਸ : ਹੈਨਰੀ, ਬਰਾੜ, ਭੱਠਲ, ਲਾਡੀ ਜਾਂ ਫਿਰ ਕੋਈ ਹੋਰ
ਕਾਂਗਰਸ ਪਾਰਟੀ ਵਲੋਂ ਇਸ ਸੀਟ 'ਤੇ ਕਈ ਦਾਅਵੇਦਾਰਾਂ ਦੇ ਨਾਂ ਹਰ ਰੋਜ਼ ਹਲਕੇ ਅੰਦਰ ਅਫਵਾਹ ਬਣ ਕੇ ਉੱਡ ਰਹੇ ਹਨ। ਕੋਈ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਭੱਠਲ ਨੂੰ ਉਮੀਦਵਾਰ ਦੱਸਦਾ ਹੈ ਤੇ ਕੋਈ ਸਾਬਕਾ ਟਰਾਂਸਪੋਰਟ ਮੰਤਰੀ ਅਵਤਾਰ ਹੈਨਰੀ ਨੂੰ। ਕਦੇ ਜ਼ਿਲਾ ਦਿਹਾਤੀ ਕਾਂਗਰਸ ਦੇ ਇੰਚਾਰਜ ਜਗਬੀਰ ਬਰਾੜ ਦੇ ਕਾਂਗਰਸ ਵਲੋਂ ਹਲਕੇ ਤੋਂ ਚੋਣ ਲੜਨ ਦੀ ਗੱਲ ਚਲਦੀ ਹੈ ਤੇ ਕਦੇ ਕਿਸੇ ਹੋਰ ਵੱਡੇ ਆਗੂ ਦੀ। ਇਨ੍ਹਾਂ ਅਫਵਾਹਾਂ 'ਚ ਕੋਈ ਦਮ ਹੋਵੇ ਜਾਂ ਨਾ ਹੋਵੇ ਪਰ ਜੋ ਤਰਕ ਅਜਿਹੀਆਂ ਅਫਵਾਹਾਂ ਨਾਲ ਦਿੱਤੇ ਜਾ ਰਹੇ ਹਨ ਉਹ ਹਰ ਇਕ ਨੂੰ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੰਦੇ ਹਨ। ਲੋਕਾਂ ਦਾ ਤਰਕ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਹੋਂਦ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਦੀ ਉੱਪ ਚੋਣ ਹੋਵੇਗੀ। ਜਿਸ ਨੂੰ ਆਪਣੀ ਇੱਜ਼ਤ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਜਿੱਤਣਾ ਲਾਜ਼ਮੀ ਹੋਵੇਗਾ ਕਿਉਂਕਿ ਇਸ ਚੋਣ ਦੇ ਨਤੀਜੇ ਕਾਂਗਰਸ ਸਰਕਾਰ ਦਾ ਰਿਪੋਰਟ ਕਾਰਡ ਸਿੱਧ ਹੋ ਸਕਦੇ ਹਨ।  ਬਾਹਰੀ ਉਮੀਦਵਾਰ ਪਿੱਛੇ ਲੋਕ ਦੂਜਾ ਕਾਰਨ ਇਹ ਦੱਸ ਰਹੇ ਹਨ ਕਿ ਹਲਕੇ ਅੰਦਰ ਕਾਂਗਰਸੀ ਆਗੂਆਂ 'ਚ ਆਪਸੀ ਏਕਾ ਨਹੀਂ ਹੈ। ਜਿਸ ਦਾ ਫਾਇਦਾ ਹੁਣ ਤਕ ਅਕਾਲੀ ਦਲ ਚੁੱਕਦਾ ਰਿਹਾ ਹੈ। ਹੁਣ ਜਦ ਉੱਪ ਚੋਣ ਹੋਣ ਜਾ ਰਹੀ ਹੈ ਤਾਂ ਕਾਂਗਰਸ ਕਦੇ ਨਹੀਂ ਚਾਹੇਗੀ ਕਿ ਉਹ ਗੁੱਟਬੰਦੀ ਦੀ ਭੇਟ ਇਸ ਸੀਟ ਨੂੰ ਮੁੜ ਚਾੜ੍ਹ ਦੇਵੇ।  ਵੈਸੇ ਇਸ ਹਲਕੇ ਤੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਦੇ ਪੁੱਤਰ ਰਾਜਨਬੀਰ ਸਿੰਘ ਅਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ ਆਦਿ ਦੇ ਨਾਂ ਚਰਚਾ 'ਚ ਹਨ।
ਰਿਸਕ ਨਹੀਂ ਲੈਣਾ ਚਾਹੇਗੀ ਆਮ ਆਦਮੀ ਪਾਰਟੀ 
2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਹਲਕੇ ਅੰਦਰ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਪਾਰਟੀ ਦੇ ਉਮੀਦਵਾਰ ਨੂੰ ਕੁੱਲ 41010 ਵੋਟਾਂ ਹਾਸਲ ਹੋਈਆਂ ਸਨ। ਉਸ ਤੋਂ ਬਾਅਦ ਪਾਰਟੀ ਦੀ ਹਲਕੇ ਅੰਦਰ ਹਾਲਤ ਕੁਝ ਠੀਕ ਨਹੀਂ ਰਹੀ। ਜਿਸ ਦੇ ਨਤੀਜੇ ਵਜੋਂ ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਾ-ਮਾਤਰ ਵੋਟਾਂ ਮਿਲੀਆਂ। 'ਆਪ' ਇਸ ਹਲਕੇ ਤੋਂ ਆਪਣੇ 2017 ਵਾਲੇ ਉਮੀਦਵਾਰ ਡਾ. ਅਮਰਜੀਤ ਸਿੰਘ ਥਿੰਦ ਨੂੰ ਉਤਾਰਦੀ ਹੈ ਜਾਂ ਫਿਰ ਕਿਸੇ ਹੋਰ ਨੂੰ ਅਜੇ ਇਹ ਕਹਿਣਾ ਆਸਾਨ ਨਹੀਂ ਹੋਵੇਗਾ। ਉਂਝ ਹਲਕੇ ਅੰਦਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ 'ਆਪ' ਆਪਣੇ ਕਿਸੇ ਵੱਡੇ ਆਗੂ ਨੂੰ ਇਸ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਪਾਰਟੀ ਇਸ ਹਲਕੇ 'ਚ 2017 ਦੀਆਂ ਚੋਣਾਂ ਦੌਰਾਨ ਉਠੀ ਲਹਿਰ ਨੂੰ ਭਾਵੇਂ ਉਸ ਵੇਲੇ ਕੈਸ਼ ਕਰਨ ਤੋਂ ਖੁੰਝ ਗਈ ਹੋਵੇ ਪਰ ਇਸ ਵਾਰ ਉਹ ਕੋਈ ਰਿਸਕ ਨਹੀਂ ਲੈਣਾ ਚਾਹੇਗੀ।
1962 'ਚ ਪਹਿਲੀ ਵਾਰ ਹੋਂਦ 'ਚ ਆਇਆ ਸੀ ਸ਼ਾਹਕੋਟ ਹਲਕਾ
ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਇਤਿਹਾਸ ਕਾਫੀ ਪੁਰਾਣਾ ਹੈ। ਇਹ ਹਲਕਾ ਸਾਲ 1962 ਨੂੰ ਹੋਂਦ 'ਚ ਆਇਆ। ਪਹਿਲੀ ਵਾਰ ਇਸ ਹਲਕੇ ਤੋਂ ਦਲੀਪ ਸਿੰਘ ਨੇ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਸੀ। ਫਿਰ ਇਸ ਹਲਕੇ ਦਾ ਨਕੋਦਰ ਹਲਕੇ 'ਚ ਰਲੇਵਾਂ ਕਰ ਦਿੱਤਾ ਗਿਆ। 1977 'ਚ ਲੋਹੀਆਂ ਹਲਕਾ ਬਣਿਆ। ਇੱਥੇ ਵੀ ਅਕਾਲੀ ਦਲ ਦੀ ਸਰਦਾਰੀ ਰਹੀ। 1977 ਤੋਂ 2007 ਤਕ ਹਲਕਾ ਲੋਹੀਆਂ ਰਿਹਾ। 2012 ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਾਹਕੋਟ ਨੂੰ ਵਿਧਾਨ ਸਭਾ ਹਲਕਾ ਐਲਾਨ ਦਿੱਤਾ ਗਿਆ। 
ਹਲਕੇ ਤੋਂ ਕਦੋਂ ਕੌਣ ਜਿੱਤਿਆ

ਹਲਕਾ ਸਾਲ ਵਿਧਾਇਕ ਪਾਰਟੀ
ਸ਼ਾਹਕੋਟ (ਐੱਸ. ਸੀ) 1962 ਦਲੀਪ ਸਿੰਘ ਅਕਾਲੀ ਦਲ
ਲੋਹੀਆਂ (ਐੱਸ. ਸੀ.) 1977 ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ
ਲੋਹੀਆਂ 1980 ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ
ਲੋਹੀਆਂ 1985 ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ
ਲੋਹੀਆਂ 1992 ਬ੍ਰਿਜ ਭੁਪਿੰਦਰ ਸਿੰਘ ਕੰਗ ਕਾਂਗਰਸ
ਲੋਹੀਆਂ 1997 ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ
ਲੋਹੀਆਂ 2002 ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ
ਲੋਹੀਆਂ 2007 ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ
ਸ਼ਾਹਕੋਟ 2012 ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ
ਸ਼ਾਹਕੋਟ 2017 ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ

ਲੋਕਾਂ ਨੇ ਵਿਧਾਇਕ ਚੁਣਿਆ ਤੇ ਸਰਕਾਰ ਨੇ ਬਣਾਇਆ ਮੰਤਰੀ
ਪੰਜਾਬ 'ਚ ਜਿਸ ਪਾਰਟੀ ਦੀ ਵੀ ਸਰਕਾਰ ਹੋਂਦ 'ਚ ਆਈ ਜਦ ਉਸ ਪਾਰਟੀ ਦਾ ਆਗੂ ਇਲਾਕੇ ਦੇ ਲੋਕਾਂ ਨੇ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਤਾਂ ਹਰ ਵਾਰ ਉਹ ਕਿਸੇ ਨਾ ਕਿਸੇ ਮੰਤਰਾਲੇ ਨਾਲ ਨਿਵਾਜ਼ਿਆ ਜਾਂਦਾ ਰਿਹਾ ਹੈ। ਗੱਲ ਕਰੀਏ 1977 'ਚ ਚੁਣੇ ਗਏ ਅਕਾਲੀ ਦਲ ਦੇ ਬਲਵੰਤ ਸਿੰਘ ਦੀ ਤਾਂ ਉਹ 1977 ਤੇ 1985 ਦੌਰਾਨ ਅਕਾਲੀ ਦਲ ਦੀ ਸਰਕਾਰ 'ਚ ਖਜ਼ਾਨਾ ਮੰਤਰੀ ਰਹੇ ਸਨ। ਇਸੇ ਤਰ੍ਹਾਂ ਜਦ 1992 'ਚ ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ ਹਲਕਾ ਵਿਧਾਇਕ ਵਜੋਂ ਕਾਂਗਰਸ ਸਰਕਾਰ 'ਚ ਵਿਚਰੇ ਤਾਂ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਜਿਹੀ ਵੱਡੀ ਜ਼ਿੰਮੇਵਾਰੀ ਮਿਲੀ। 1997 'ਚ ਹੋਈਆਂ ਚੋਣਾਂ 'ਚ ਜਦ ਜਥੇਦਾਰ ਅਜੀਤ ਸਿੰਘ ਕੋਹਾੜ ਚੁਣੇ ਗਏ ਤਾਂ ਉਨ੍ਹਾਂ ਨੂੰ ਅਕਾਲੀ ਸਰਕਾਰ ਨੇ ਖੇਤੀਬਾੜੀ ਰਾਜ ਮੰਤਰੀ ਦਾ ਦਰਜਾ ਦਿੱਤਾ। 2007 'ਚ ਜਥੇਦਾਰ ਕੋਹਾੜ ਨੂੰ ਮਾਲ ਤੇ ਮੁੜ ਵਸੇਬਾ ਮੰਤਰਾਲਾ, ਜੇਲ ਅਤੇ ਚੋਣ ਮੰਤਰਾਲੇ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। 2012 'ਚ ਮੁੜ ਅਕਾਲੀ ਦਲ ਦੀ ਸਰਕਾਰ 'ਚ ਉਹ ਰੋਜ਼ਗਾਰ ਤੇ ਟਰਾਂਸਪੋਰਟ ਮੰਤਰੀ ਬਣੇ।

ਹਲਕੇ ਅੰਦਰਲੀਆਂ ਮੁੱਖ ਚੁਣੌਤੀਆਂ

ਹਲਕੇ ਅਧੀਨ 3 ਸ਼ਹਿਰ ਸ਼ਾਹਕੋਟ, ਮਹਿਤਪੁਰ ਤੇ ਲੋਹੀਆਂ ਹਨ। ਇਸ ਤੋਂ ਇਲਾਵਾ ਪਿੰਡ ਹਨ। ਤਿੰਨਾਂ ਸ਼ਹਿਰਾਂ 'ਚ ਅੱਜ ਤਕ ਨਾ ਤਾਂ ਬੱਸ ਅੱਡਾ ਬਣ ਸਕਿਆ ਹੈ ਤੇ ਨਾ ਹੀ ਸੀਵਰੇਜ ਵਿਵਸਥਾ, ਸਰਕਾਰੀ ਕਾਲਜ ਤਕ ਨਹੀਂ ਹਨ। ਬਿਹਤਰ ਸਿਹਤ ਸਹੂਲਤਾਂ ਲਈ ਕੋਈ ਵੱਡਾ ਸਰਕਾਰੀ ਹਸਪਤਾਲ ਵੀ ਨਹੀਂ ਹੈ।  ਸ਼ਾਹਕੋਟ ਸ਼ਹਿਰ 'ਚ ਲੜਕਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲ ਸਿਰਫ 8ਵੀਂ ਤਕ ਹੈ। ਅੱਜ ਤਕ ਸ਼ਹਿਰੀ ਇਲਾਕੇ 'ਚ ਕੋਈ ਕਾਲਜ ਤਾਂ ਕੀ 8ਵੀਂ ਤੋਂ ਬਾਅਦ ਦਾ ਸਕੂਲ ਵੀ ਨਹੀਂ ਖੁਲ੍ਹ ਸਕਿਆ ਹੈ। ਇਹ ਸਕੂਲ ਵੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲ ਰਿਹਾ ਹੈ। ਹਲਕਾ ਅੱਜ ਵੀ ਕਈ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ। ਜਥੇਦਾਰ ਕੋਹਾੜ ਨੇ ਕਾਫੀ ਹੱਦ ਤਕ ਹਲਕੇ ਦਾ ਵਿਕਾਸ ਕਰਵਾਇਆ ਪਰ ਅਜੇ ਵੀ ਹਲਕਾ ਵਿਕਾਸ ਪੱਖੋਂ ਅਧੂਰਾ ਹੈ।


Related News