ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਗੁਰੂਘਰਾਂ ਦੇ ਲੰਗਰਾਂ ’ਚ ਮਿੱਠੇ ਪਕਵਾਨਾਂ ’ਤੇ ਰੋਕ
Thursday, Dec 15, 2022 - 12:40 AM (IST)
ਲੁਧਿਆਣਾ (ਮੁੱਲਾਂਪੁਰੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਨਮਨ ਕਰਨ ਲਈ 15 ਦਸੰਬਰ ਤੋਂ 31 ਦਸੰਬਰ ਤੱਕ ਪੰਜਾਬ ਤੋਂ ਵੱਖ-ਵੱਖ ਗੁਰਦੁਆਰਾ ਤੇ ਹੋਰ ਧਾਰਮਿਕ ਥਾਵਾਂ ’ਤੇ ਲੱਗਣ ਵਾਲੇ ਲੰਗਰਾਂ ’ਚ ਮਿੱਠੇ ਤੇ ਵੰਨ-ਸੁਵੰਨੇ ਪਕਵਾਨਾਂ ’ਤੇ ਪਾਬੰਦੀ ਹੋਵੇਗੀ ਤਾਂ ਜੋ ਉਨ੍ਹਾਂ ਨਿੱਕੀਆਂ ਜਿੰਦਾਂ ਨੂੰ ਸ਼ਰਧਾ ਤੇ ਸਤਿਕਾਰ ਵਜੋਂ ਇਹ ਦੋ ਹਫ਼ਤੇ ਸਾਦਗੀ ਤੇ ਸੰਜੀਦਗੀ ਨਾਲ ਸਿੱਖ ਕੌਮ ਸਮਰਪਿਤ ਕਰ ਸਕੇ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਲਤੀਫ਼ਪੁਰਾ (ਜਲੰਧਰ) ’ਚ ਪ੍ਰਭਾਵਿਤ ਪਰਿਵਾਰਾਂ ਨੂੰ ਲੈ ਕੇ ‘ਆਪ’ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਭਾਵੇਂ ਬਾਕਾਇਦਾ ਐਲਾਨ ਕਰ ਦਿੱਤਾ ਹੈ, ਜਿਸ ’ਤੇ ਪੰਜਾਬ ਦੀਆਂ ਵੱਖ-ਵੱਖ ਸਿੱਖ ਧਾਰਮਿਕ ਜਥੇਬੰਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹੁਕਮ ’ਤੇ ਪੰਜਾਬ ਦੇ ਕਿਸਾਨ ਭਾਈਚਾਰੇ ਤੇ ਬਾਕੀ ਭਾਈਚਾਰਿਆਂ ਵੱਲੋਂ ਵੀ ਇਸ ਫ਼ੈਸਲੇ ਨੂੰ ਮੰਨਣ ’ਤੇ ਆਪਣੀ ਮੋਹਰ ਲਗਾ ਦਿੱਤੀ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਅੱਜ ਤੋਂ ਚੰਦ ਸਾਲ ਪਹਿਲਾਂ ਖ਼ਾਸ ਕਰਕੇ ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਤੇ ਸਰਹਿੰਦ ਦੇ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਲਾਸਾਨੀ ਯਾਦ ’ਚ ਲੱਗਣ ਵਾਲੀਆਂ ਸ਼ਹੀਦੀ ਜੋੜ ਸਭਾਵਾਂ ’ਚ ਲੱਡੂ, ਜੇਲਬੀਆਂ, ਸਰਕਸ, ਝੂਲੇ ਤੇ ਸਿਆਸੀ ਕਾਨਫਰੰਸਾਂ ਦਾ ਜਮਾਵੜਾ ਤੇ ਆਮ ਮੇਲੇ ਵਰਗੇ ਨਜ਼ਾਰੇ ਹੁੰਦੇ ਸਨ ਪਰ ਵਿਦਵਾਨਾਂ ਦੀ ਰਾਏ ਦੇ ਚਲਦਿਆਂ ਇਨ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ’ਤੇ ਪਾਬੰਦੀ ਵਰਗੇ ਹਾਲਾਤ ਬਣਦੇ ਰਹੇ।
ਇਹ ਖ਼ਬਰ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਕਿਸਾਨ ਭਲਕੇ ਟੋਲ ਪਲਾਜ਼ਾ ਕਰਨਗੇ ਬੰਦ, ਪੜ੍ਹੋ Top 10
ਇਥੇ ਹੀ ਬਸ ਨਹੀਂ, ਰਾਜਸੀ ਕਾਨਫਰੰਸਾਂ ਵੀ ਬੰਦ ਹੋ ਗਈਆਂ ਸਨ। ਪਹਿਲਾਂ ਇਥੇ ਰਾਜਸੀ ਕਾਨਫਰੰਸ ’ਚ ਨੇਤਾ ਆਪਣੀਆਂ ਰੋਟੀਆਂ ਸੇਕਦੇ ਸਨ ਪਰ ਹੁਣ 15 ਦਿਨ ਪੰਜਾਬ ਦੇ ਸਾਰੇ ਛੋਟੇ-ਵੱਡੇ ਪਿੰਡਾਂ ਦੇ ਗੁਰਦੁਆਰਿਆਂ ’ਚ ਸਾਦਗੀ ਤੇ ਮਿੱਠੇ ਪਕਵਾਨਾਂ ਦੇ ਲੰਗਰਾਂ ’ਤੇ ਸੰਕੋਚ ਵਰਤੀ ਜਾ ਰਹੀ ਹੈ। ਬਾਕੀ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂਘਰ ਦੇ ਲੰਗਰਾਂ ’ਚ ਮਿੱਠੇ ਤੇ ਵੰਨ-ਸੁਵੰਨੇ ਪਕਵਾਨਾਂ ’ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ, ਜਦਕਿ ਲੋਕ ਵੀ ਇਨ੍ਹਾਂ ਦਿਨਾਂ ਵਿਚ ਆਪਣੇ ਘਰਾਂ ’ਚ ਭਾਈਚਾਰਕ ਸਮਾਗਮ ਤੇ ਸ਼ਹੀਦੀ ਜੋੜ ਸਭਾਵਾਂ ਦੇ ਚਲਦਿਆਂ ਸਾਦਗੀ ਨਾਲ ਮਨਾਉਣ ਲੱਗ ਪਏ ਹਨ। ਅੱਜ ਜਦੋਂ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਤੇ ਸਾਬਕਾ ਜ. ਸਕੱਤਰ ਕਰਨੈਲ ਸਿੰਘ ਪੰਜੋਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਸਭਾ ਦੇ ਦਿਨਾਂ ’ਚ ਮਿੱਠੇ ਪਕਵਾਨਾਂ ’ਤੇ ਪਾਬੰਦੀ ਲਾ ਦਿੱਤੀ ਹੈ, ਜਦਕਿ ਕੜਾਹ ਪ੍ਰਸ਼ਾਦ ਵਰਤਦੇ ਰਹਿਣਗੇ।