ਰੰਧਾਵਾ ਖਿਲਾਫ ਕਾਰਵਾਈ ਲਈ ਐੱਸ. ਜੀ. ਪੀ. ਸੀ. ਨੇ ਕੱਸੀ ਕਮਰ

Tuesday, Dec 31, 2019 - 06:55 PM (IST)

ਅੰਮ੍ਰਿਤਸਰ (ਸੁਮਿਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਐੱਸ. ਜੀ. ਪੀ. ਸੀ. ਦੇ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਰੰਧਾਵਾ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਪੁਲਸ ਨੂੰ ਵੀ ਮੰਗ ਪੱਤਰ ਦਿੰਦੇ ਹੋਏ ਰੰਧਾਵਾ ਖਿਲਾਫ ਕਾਰਵਾਈ ਕਰਨ ਲਈ ਆਖਿਆ ਹੈ। 

PunjabKesari

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਐੱਸ. ਜੀ. ਪੀ. ਸੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਦੇ ਇਸ ਮੰਤਰੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਦੇ ਪਿਤਾ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਵਿਚ ਇੰਦਰਾ ਗਾਂਧੀ ਦੀ ਹਿਮਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਲਈ ਵਰਤੀ ਅਜਿਹੀ ਸ਼ਬਦਾਵਲੀ ਬਰਦਾਸ਼ਤ ਯੋਗ ਨਹੀਂ ਹੈ, ਇਸ ਲਈ ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਬੀਤੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਕਥਿਤ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਰੂ ਨਾਨਕ ਦੇਵ ਜੀ ਬਾਰੇ ਮਾੜੀ ਸ਼ਬਦਾਵਲੀ ਵਰਤਦੇ ਨਜ਼ਰ ਆ ਰਹੇ ਸਨ। ਹਾਲਾਂਕਿ ਰੰਧਾਵਾ ਨੇ ਇਸ ਵੀਡੀਓ ਨੂੰ ਫੇਕ ਦੱਸਦੇ ਹੋਏ ਵਿਰੋਧੀਆਂ ਵਲੋਂ ਉਨ੍ਹਾਂ ਖਿਲਾਫ ਕੋਝੀ ਚਾਲ ਕਰਾਰ ਦਿੱਤਾ ਸੀ। ਰੰਧਾਵਾ ਨੇ ਕਿਹਾ ਸੀ ਕਿ ਉਹ ਗੁਰੂ ਦੇ ਸਿੱਖ ਹਨ ਅਤੇ ਗੁਰੂ ਸਾਹਿਬ ਬਾਰੇ ਕਦੇ ਵੀ ਅਜਿਹੀ ਸ਼ਬਦਾਵਲੀ ਨਹੀਂ ਵਰਤ ਸਕਦੇ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਸੇ ਵੀ ਜਾਂਚ ਲਈ ਤਿਆਰ ਹੋਣ ਅਤੇ ਦੋਸ਼ ਸਾਬਤ ਹੋਣ 'ਤੇ ਇਕ ਮਿੰਟ 'ਚ ਅਹੁਦਾ ਛੱਡਣ ਦੀ ਵੀ ਗੱਲ ਆਖੀ ਸੀ।


Gurminder Singh

Content Editor

Related News