ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੱਲਕੇ ਬੇਅਦਬੀ ਮਾਮਲੇ ’ਚ ਡੇਰਾ ਪ੍ਰੇਮੀਆਂ ਨੂੰ ਸਜ਼ਾਵਾਂ ’ਤੇ ਦਿੱਤੀ ਪ੍ਰਤੀਕਿਰਿਆ

07/08/2022 5:31:44 PM

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ’ਚ ਵਾਪਰੇ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ ਹੈ। ਹਰਜਿੰਦਰ ਧਾਮੀ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ’ਚ ਸਾਲ 2015 ਵਿਚ ਹੋਈ ਬੇਅਦਬੀ ਦੀ ਘਟਨਾ ਦੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਅਦਾਲਤ ਵੱਲੋਂ ਸਜ਼ਾ ਦੇਣ ਦਾ ਸਵਾਗਤ ਕੀਤਾ ਹੈ। ਉਂਝ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਸੰਗੀਨ ਜ਼ੁਰਮ ’ਚ ਸ਼ਾਮਲ ਲੋਕਾਂ ਨੂੰ ਉਮਰ ਕੈਦ ਵਰਗੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ।

ਇਹ ਵੀ ਪੜ੍ਹੋ: ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

ਐਡਵੋਕੇਟ ਧਾਮੀ ਨੇ ਕਿਹਾ ਕਿ ਮੱਲਕੇ ’ਚ ਹੋਈ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਨਾਲ ਸਬੰਧਤ ਲੋਕਾਂ ਦੀ ਭੂਮਿਕਾ ਸਪੱਸ਼ਟ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਵਿਚ ਵੀ ਸਿੱਟ ਦੀ ਰਿਪੋਰਟ ਨੇ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਅਨੁਸਾਰ ਡੇਰਾ ਸਿਰਸਾ ਮੁਖੀ ਖ਼ਿਲਾਫ਼ ਵੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਡੇਰਾ ਮੁਖੀ ਨੂੰ ਗ੍ਰਿਫ਼ਤਾਰ ਕਰਨ ਲਈ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਕਾਰਵਾਈ ਅੱਗੇ ਵਧਾਉਣੀ ਚਾਹੀਦੀ ਹੈ, ਤਾਂ ਜੋ ਸਿੱਖ ਸੰਗਤਾਂ ਨੂੰ ਇਨਸਾਫ਼ ਮਿਲ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਜਲਦ ਮਿਲਣਾ ਚਾਹੀਦਾ ਹੈ ਅਤੇ ਸਜ਼ਾਵਾਂ ਵੀ ਮਿਸਾਲੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ:  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿਲੋ ਸੋਨਾ

ਨੋਟ: ਹਰਜਿੰਦਰ ਸਿੰਘ ਧਾਮੀ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ ?
 


Harnek Seechewal

Content Editor

Related News