ਜਿਣਸੀ ਸੋਸ਼ਣ ਸਬੰਧੀ 1091 ਜਾਂ 181 ’ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
Friday, Aug 22, 2025 - 11:38 AM (IST)

ਮਾਨਸਾ (ਮਨਜੀਤ ਕੌਰ) : ਕੰਮਕਾਜ ਵਾਲੀਆਂ ਥਾਵਾਂ, ਸਕੂਲ, ਕਾਲਜਾਂ, ਦਫ਼ਤਰ ਜਾਂ ਜਨਤਕ ਥਾਵਾਂ ’ਤੇ ਮਹਿਲਾ ਨਾਲ ਛੇੜਛਾੜ, ਅਣਚਾਹੀ ਹਰਕਤ ਆਦਿ ਜਿਣਸੀ ਸੋਸ਼ਣ ਦੀ ਸ਼੍ਰੇਣੀ ਵਿਚ ਆਉਂਦੀ ਹੈ ਅਤੇ ਇਹ ਇਕ ਗੰਭੀਰ ਅਪਰਾਧ ਹੈ। ਅਜਿਹਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੁੰਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਰਤਿੰਦਰਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਇਸ ਸਬੰਧੀ ਔਰਤਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਔਰਤ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਇਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਬਜਾਏ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਹੈਲਪਲਾਈਨ ਨੰਬਰ 1091 ਜਾਂ 181 ’ਤੇ ਦਰਜ ਕਰਵਾਈ ਜਾ ਸਕਦੀ ਹੈ ਤਾਂ ਜੋ ਪੀੜਤ ਨੂੰ ਨਿਆਂ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਸੰਸਥਾ ਦਾ ਫਰਜ਼ ਹੈ ਕਿ ਉਹ ਆਪਣੇ ਮੈਂਬਰਾਂ ਨੂੰ ਇਸ ਕਾਨੂੰਨ ਬਾਰੇ ਜਾਣੂੰ ਕਰਵਾ ਕੇ ਔਰਤਾਂ ਲਈ ਇਕ ਸੁਰੱਖਿਅਤ ਤੇ ਸਨਮਾਨ ਯੋਗ ਵਾਤਾਵਰਣ ਮੁਹੱਈਆ ਕਰਵਾਉਣ।