ਦੇਹ ਵਪਾਰ ਦੇ ਧੰਦੇ ਸਬੰਧੀ ਪੁਲਸ ਨੇ ਹੋਟਲਾਂ ’ਤੇ ਮਾਰਿਆ ਛਾਪਾ, ਅੱਧਾ ਦਰਜਨ ਗ੍ਰਿਫ਼ਤਾਰ
Thursday, Aug 07, 2025 - 12:11 PM (IST)

ਬਠਿੰਡਾ (ਸੁਖਵਿੰਦਰ) : ਸ਼ਹਿਰ ਦੇ ਹੋਟਲਾਂ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਸਬੰਧੀ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੁਲਸ ਨੇ ਵੱਖ-ਵੱਖ ਹੋਟਲਾਂ 'ਚ ਛਾਪੇਮਾਰੀ ਕਰ ਕੇ ਅੱਧਾ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਨੇ 10-12 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਸ ਨੇ ਸ਼ਹਿਰ ’ਚ ਚੱਲ ਰਹੇ ਪਾਮ ਹੋਟਲ ਅਤੇ ਪੈਰਿਸ ਹਿਲਟਨ ਹੋਟਲ ’ਤੇ ਛਾਪਾ ਮਾਰਿਆ।
ਪਾਮ ਹੋਟਲ ਤੋਂ ਪੁਲਸ ਨੇ ਗੁਰਤੇਜ ਸਿੰਘ ਵਾਸੀ ਬਠਿੰਡਾ, ਸੁਖਵਿੰਦਰ ਸਿੰਘ ਵਾਸੀ ਕੱਲੋ ਅਤੇ ਲਖਵੀਰ ਸਿੰਘ ਵਾਸੀ ਕਾਲਝਰਾਣੀ ਨੂੰ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਪੈਰਿਸ ਹਿਲਟਨ ਹੋਟਲ ਤੋਂ ਪੁਲਸ ਨੇ ਮੁਲਜ਼ਮ ਸੰਦੀਪ ਸਿੰਘ ਵਾਸੀ ਰਾਮਾਂ ਮੰਡੀ, ਪੰਕਜ ਵਾਸੀ ਸੰਗਤ ਅਤੇ ਹੈਪੀ ਵਾਸੀ ਬਠਿੰਡਾ ਦੇ ਨਾਲ-ਨਾਲ ਕੁੱਝ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਦੋਂ ਕਿ ਪੁਲਸ ਨੇ ਇਕ ਮੁਲਜ਼ਮ ਸੰਦੀਪ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਕੇਸ ਦਰਜ ਕੀਤਾ ਹੈ।